ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਉਸ ਦੇ ਗੁਆਂਢੀ ਮੁਲਕ ਅਤੇ ਸਦਾਬਾਹਰ ਦੋਸਤ ਪਾਕਿਸਤਾਨ ਵਿਚ ਵੀ ਆਪਣੇ ਪੈਰ ਜਮਾ ਚੁੱਕਿਆ ਹੈ। ਉੱਥੇ ਕੋਰੋਨਾ ਦੇ ਮਾਮਲੇ 9 ਹਜ਼ਾਰ ਨੂੰ ਵੀ ਪਾਰ ਕਰ ਗਏ ਹਨ ਜਦਕਿ ਮਰਨ ਵਾਲਿਆਂ ਦਾ ਅੰਕੜਾ 200 ਤੱਕ ਪਹੁੰਚਣ ਵਾਲਾ ਹੈ। ਇਸ ਵਿਚਾਲੇ ਹੁਣ ਇਸ ਮਹਾਮਾਰੀ ਦੀ ਆਂਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੱਕ ਪਹੁੰਚਦੀ ਵਿਖਾਈ ਦੇ ਰਹੀ ਹੈ ਦਰਅਸਲ ਇਮਰਾਨ ਖਾਨ ਨੂੰ ਮਿਲ ਕੇ ਦਾਨ ਵਿਚ ਚੈਕ ਦੇਣ ਵਾਲੇ ਪਾਕਿਸਤਾਨ ਦੇ ਸਮਾਜਸੇਵੀ ਫੈਸਲ ਅਧੀ ਕੋਰੋਨਾ ਨਾਲ ਪੀੜਤ ਪਾਏ ਗਏ ਹਨ।
ਮੀਡੀਆ ਰਿਪੋਰਟਾਂ ਅਨੁਸਾਰ ਏਧੀ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਮਸ਼ਹੂਰ ਸਮਾਜਸੇਵੀ ਅਬਦੁੱਲ ਸਤਾਰ ਦੇ ਪੁੱਤਰ ਫੈਸਲ ਏਧੀ ਨੇ ਬੀਤੇ 15 ਅਪ੍ਰੈਲ ਨੂੰ ਪਾਕਿਸਤਾਨੀ ਪੀਐਮ ਇਮਰਾਨ ਖਾਨ ਨਾਲ ਮੁਲਾਕਾਤ ਕਰ ਕੋਵਿਡ 19 ਰਾਹਤ ਫੰਡ ਦੇ ਲਈ ਇਕ ਕਰੋੜ ਰੁਪਏ ਦਾ ਚੈਕ ਉਨ੍ਹਾਂ ਦੇ ਹੱਥਾਂ ਵਿਚ ਦਿੱਤਾ ਸੀ ਜਿਸ ਦੀ ਹੁਣ ਫੋਟੋ ਵੀ ਕਾਫੀ ਵਾਇਰਲ ਹੋ ਰਹੀ ਹੈ। ਰਿਪੋਰਟਾਂ ਦੀ ਮੰਨੀਏ ਤਾਂ ਇਮਰਾਨ ਖਾਨ ਨਾਲ ਮੁਲਾਕਾਤ ਤੋਂ ਕੁੱਝ ਦਿਨਾਂ ਬਾਅਦ ਉਨ੍ਹਾਂ ਦੇ ਅੰਦਰ ਕੋਰੋਨਾ ਦੇ ਲੱਛਣ ਨਜ਼ਰ ਆਉਣ ਲੱਗੇ ਜਿਸ ਕਰਕੇ ਉਨ੍ਹਾਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਅਤੇ ਅੱਜ ਮੰਗਲਵਾਰ ਨੂੰ ਉਨ੍ਹਾਂ ਦੀ ਰਿਪੋਰਟ ਕੋਰੋਨਾ ਨਾਲ ਪਾਜ਼ੀਟਿਵ ਪਾਈ ਗਈ ਹੈ। ਹਾਲਾਂਕਿ ਉਹ ਹਸਪਤਾਲ ਵਿਚ ਦਾਖਲ ਨਹੀਂ ਹੋਏ ਹਨ। ਉਨ੍ਹਾਂ ਨੇ ਖੁਦ ਨੂੰ ਘਰ ਵਿਚ ਹੀ ਸੈਲਫ ਆਈਸੋਲੇਟ ਕਰ ਲਿਆ ਹੈ। ਦੂਜੇ ਪਾਸੇ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਪਾਕਿਸਤਾਨੀ ਪੀਐਮ ਦੇ ਦਫ਼ਤਰ ਤੱਕ ਹਲਚਲ ਮੱਚ ਗਈ ਹੈ ਅਤੇ ਇਮਰਾਨ ਖਾਨ ਨੂੰ ਸਾਵਧਾਨੀ ਦੇ ਮੱਦੇਨਜ਼ਰ ਕੁਵਾਰੰਟਿਨ ਕੀਤਾ ਜਾ ਸਕਦਾ ਹੈ ਪਰ ਇਸ ਬਾਰੇ ਅਜੇ ਕੋਈ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ। ਦੱਸ ਦਈਏ ਕਿ ਪਾਕਿਸਤਾਨ ਵਿਚ ਇਸ ਵੇਲੇ ਕੋਰੋਨਾ ਦੇ ਕੇਸਾਂ ਦੀ ਗਿਣਤੀ 9,216 ਹੋ ਗਈ ਹੈ ਜਦਕਿ ਹੁਣ ਤੱਕ 192 ਕੋਰੋਨਾ ਪੀੜਤ ਆਪਣੀ ਜਾਨ ਗਵਾ ਚੁੱਕੇ ਹਨ।

