ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਭਾਰਤ ਵਿਚ ਵੀ ਆਪਣੇ ਪੈਰ ਪਸਾਰ ਚੁੱਕਿਆ ਹੈ। ਦੇਸ਼ ਵਿਚੋਂ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਉੱਥੇ ਹੀ ਅੱਜ ਰਾਜਧਾਨੀ ਦਿੱਲੀ ਦੇ ਤੁਗਲਕਾਬਾਦ ਐਕਸਟੈਂਸਨ ਇਲਾਕੇ ਦੀ ਇਕੋਂ ਗਲੀ ਦੇ 35 ਲੋਕਾਂ ਵਿਚ ਕੋਰੋਨਾ ਦੀ ਪੁਸ਼ਟੀ ਹੋਈ ਹੈ ਜਿਸ ਤੋਂ ਬਾਅਦ ਪੂਰੇ ਇਲਾਕਾ ਸੀਲ ਕਰ ਦਿੱਤਾ ਗਿਆ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਦਿੱਲੀ ਦੇ ਤੁਗਲਕਾਬਾਦ ਐਕਸਟੈਂਸਨ ਦੇ ਇਲਾਕੇ ਦੀ ਗਲੀ ਨੰਬਰ 26 ਵਿਚ ਪਹਿਲਾਂ ਕੇਵਲ 3 ਲੋਕ ਹੀ ਕੋਰੋਨਾ ਨਾਲ ਪੀੜਤ ਸਨ ਪਰ ਜਦੋਂ ਇਸ ਇਲਾਕੇ ਨੂੰ ਹਾਟਸਪੌਟ ਬਣਾ ਕੇ ਸੀਲ ਕੀਤਾ ਅਤੇ ਵੱਡੇ ਪੱਧਰ ਉੱਤੇ ਟੈਸਟ ਕੀਤੇ ਗਏ ਤਾਂ ਹੋਰ 35 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ ਜਿਸ ਤੋਂ ਬਾਅਦ ਇਸ ਇਲਾਕੇ ਨੂੰ ਪਹਿਲਾਂ ਦੀ ਤਰ੍ਹਾ ਹੀ ਸੀਲ ਰੱਖਿਆ ਗਿਆ ਹੈ ਅਤੇ ਕੇਵਲ ਸਰਕਾਰ ਦੁਆਰਾ ਇੱਥੇ ਜ਼ਰੂਰਤ ਦੀਆਂ ਚੀਜ਼ਾਂ ਨੂੰ ਸਪਲਾਈ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਬੀਤੇ ਦਿਨ ਦਿੱਲੀ ਦੇ ਜਹਾਂਗੀਰਪੁਰੀ ਦੇ ਇਕ ਕੰਟੇਨਮੈਂਟ ਜ਼ੋਨ ਵਿਚ ਇਕ ਹੀ ਪਰਿਵਾਰ ਦੇ 26 ਲੋਕ ਕੋਰੋਨਾ ਪਾਜ਼ੀਟਿਵ ਨਿਕਲੇ ਸਨ ਜਿਸ ਦੀ ਜਾਣਕਾਰੀ ਖੁਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਵਿਚ ਦਿੱਤੀ ਸੀ ਅਤੇ ਕਿਹਾ ਸੀ ਕਿ ”ਜਹਾਂਗੀਰਪੁਰ ਵਿਚ ਇਕ ਕੰਟੇਨਮੈਂਟ ਜੋਨ ਹੈ ਉੱਥੇ ਇਕ ਹੀ ਕਬੀਲੇ(ਪਰਿਵਾਰ) ਦੇ 26 ਲੋਕਾਂ ਵਿਚ ਕੋਰੋਨਾ ਵਾਇਰਸ ਦਾ ਸੰਕਰਮਨ ਮਿਲਿਆ ਹੈ । ਇਹ ਸਾਰੇ ਆਸ-ਪਾਸ ਦੇ ਘਰਾਂ ਵਿਚ ਰਹਿੰਦੇ ਸਨ ਅਤੇ ਇਕ-ਦੂਜੇ ਦੇ ਘਰ ਆਇਆ-ਜਾਇਆ ਕਰਦੇ ਸਨ”। ਜ਼ਿਕਰਯੋਗ ਹੈ ਕਿ ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਨਲਾਇਨ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਦਿੱਲੀ ਵਿਚ ਕੋਰੋਨਾ ਦੇ ਮਾਮਲਿਆਂ ਨੇ ਗਤੀ ਫੜੀ ਹੈ ਅਤੇ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਆਉਣ ਵਾਲੇ ਦਿਨਾਂ ਵਿਚ ਲਾਕਡਾਊਨ ਦੀਆਂ ਸ਼ਰਤਾਂ ‘ਚ ਕਿਸੇ ਤਰ੍ਹਾ ਦੀ ਛੁੱਟ ਨਹੀਂ ਦਿੱਤੀ ਜਾਵੇਗੀ।

