ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੇਂਦਰ ਸਰਕਾਰ ਨੇ ਰੇਲ ਸੇਵਾਵਾਂ ਜਾਂ ਯਾਤਰੀ ਉਡਾਣਾਂ ਦੀ ਓਪਰੇਟਿੰਗ ਸ਼ੁਰੂ ਕਰਨ ਨੂੰ ਲੈ ਕੇ ਅਜੇ ਕੋਈ ਫ਼ੈਸਲਾ ਨਹੀਂ ਲਿਆ ਹੈ ਅਤੇ ਇਸ ਵਿਸ਼ੇ ਉੱਤੇ ਚਰਚਾ ਕਰਨਾ ਵਿਅਰਥ ਹੈ। ਇਸ ਗੱਲ ਦਾ ਪ੍ਰਗਟਾਵਾ ਕੇਂਦਰੀ ਮੰਤਰੀ ਪ੍ਰਕਾਸ਼ ਜਾਵੇੜਕਰ ਨੇ ਅੱਜ ਐਤਵਾਰ ਨੂੰ ਕੀਤਾ ਹੈ।
ਦਰਅਸਲ ਜਦੋਂ ਪ੍ਰਕਾਸ਼ ਜਾਵੇੜਕਰਨ ਨੂੰ ਇਹ ਪੁੱਛਿਆ ਗਿਆ ਕਿ ਕੀ ਸਰਕਾਰ ਨੇ ਰੇਲ ਜਾਂ ਜਹਾਜ਼ ਵਰਗੀ ਯਾਤਰੀ ਸੇਵਾਵਾਂ ਨੂੰ ਸ਼ੁਰੂ ਕਰਨ ਦੇ ਬਾਰੇ ਕੋਈ ਸਮਾ-ਸੀਮਾ ਤੈਅ ਕੀਤੀ ਹੈ ਤਾਂ ਜਾਵੇੜਕਰ ਨੇ ਜਵਾਬ ਦਿੰਦਿਆ ਦੱਸਿਆ ਕਿ ”ਇਨ੍ਹਾਂ ਨੂੰ ਇਕ ਨਾ ਇਕ ਦਿਨ ਤਾਂ ਸ਼ੁਰੂ ਹੋਣਾ ਹੈ ਪਰ ਕਿਸ ਦਿਨ ਹੋਣਗੀਆਂ ਅਜੇ ਇਸ ਬਾਰੇ ਕੁੱਝ ਵੀ ਸਪੱਸ਼ਟ ਨਹੀਂ ਹੈ ਅਤੇ ਇਸ ਉੱਤੇ ਚਰਚਾ ਕਰਨਾ ਵਿਅਰਥ ਹੈ ਕਿਉੰਕਿ ਅਸੀ ਹਰ ਦਿਨ ਦੁਨੀਆ ਦੀ ਸਥਿਤੀ ਦੀ ਸਮੀਖਿਆ ਕਰ ਰਹੇ ਹਾਂ ਅਤੇ ਰੋਜ਼ਾਨਾ ਕੁੱਝ ਨਾਂ ਕੁੱਝ ਸਬਕ ਮਿਲ ਰਿਹਾ ਹੈ। ਇਸੇ ਤਰ੍ਹਾ ਅਸੀ ਅੱਗੇ ਵੱਧ ਰਹੇ ਹਾਂ”। ਜਾਵੇੜਕਰ ਨੇ ਇਹ ਵੀ ਦੱਸਿਆ ਕਿ ਕੁੱਝ ਏਅਰਲਾਈਨਾਂ ਨੇ ਆਪਣੇ ਆਪ ਹੀ 4 ਮਈ ਤੋਂ ਬੁਕਿੰਗ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਅਤੇ ਇਸ ਬਾਰੇ ਵਿਚ ਸਿਵਲ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨਾਲ ਗੱਲ ਕੀਤੀ ਹੈ ਜਿਨ੍ਹਾਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਸਰਕਾਰ ਨੇ ਹਵਾਈ ਉਡਾਣਾਂ ਸ਼ੁਰੂ ਕਰਨ ਦਾ ਕੋਈ ਫ਼ੈਸਲਾ ਨਹੀਂ ਲਿਆ ਗਿਆ ਅਤੇ ਇਸ ਬਾਰੇ ਅੰਤਿਮ ਫੈਸਲਾ ਅਜੇ ਸਰਕਾਰ ਕਰੇਗੀ। ਜਾਵੇੜਕਰ ਨੇ ਇਹ ਵੀ ਸੁਝਾਅ ਦਿੱਤਾ ਕਿ ਇਸ ਵਿਸ਼ੇ ਉੱਤੇ ਕਿਸੇ ਵੀ ਤਰ੍ਹਾ ਦੀ ਅਟਕਲਾਂ ਨਾ ਲਗਾਈਆ ਜਾਣ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਸਰਕਾਰੀ ਏਅਰਲਾਇਨ ਕੰਪਨੀ ਏਅਰ ਇੰਡੀਆ ਨੇ ਕੁੱਝ ਘਰੇਲੂ ਉਡਾਣਾਂ ਲਈ 4 ਮਈ ਅਤੇ ਅੰਤਰਰਾਸ਼ਟਰੀ ਫਲਾਇਟਾਂ ਵਾਸਤੇ 1 ਜੂਨ ਤੋਂ ਟਿਕਟ ਬੁਕਿੰਗ ਕਰਨ ਦੀ ਸੂਚਨਾ ਦਿੱਤੀ ਸੀ ਜਿਸ ਉੱਤੇ ਸਿਵਲ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਏਅਰਲਾਇਨ ਨੂੰ ਅਜੇ ਬੁਕਿੰਗ ਨਾ ਕਰਨ ਅਤੇ ਸਰਕਾਰ ਦੇ ਫੈਸਲੇ ਦੀ ਉਡੀਕ ਕਰਨ ਲਈ ਕਿਹਾ ਹੈ।
