ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਭਾਰਤ ਦਾ ਗੁਆਂਢੀ ਮੁਲਕ ਪਾਕਿਸਤਾਨ ਵੀ ਇਸ ਮਹਾਮਾਰੀ ਦੀ ਮਾਰ ਝੱਲ ਰਿਹਾ ਹੈ। ਇੱਥੇ ਕੋਰੋਨਾ ਦੇ ਕੇਸਾਂ ਦੀ ਗਿਣਤੀ 7 ਹਜ਼ਾਰ ਨੂੰ ਵੀ ਪਾਰ ਕਰ ਚੁੱਕੀ ਹੈ। ਪਾਕਿਸਤਾਨ ਵਿਚ ਲਾਕਡਾਊਨ ਦੌਰਾਨ ਮਿਲੀ ਛੁੱਟ ਕਰਕੇ ਕੋਰੋਨਾ ਦਾ ਅੰਕੜਾ ਤੇਜ਼ੀ ਨਾਲ ਵਧਿਆ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਪਾਕਿਸਤਾਨ ਵਿਚ ਕੋਰੋਨਾ ਦੇ ਨਵੇਂ 627 ਮਾਮਲੇ ਸਾਹਮਣੇ ਆਏ ਹਨ ਜਦਕਿ 23 ਕੋਰੋਨਾ ਪੀੜਤਾਂ ਦੀ ਮੌਤ ਹੋਈ ਹੈ ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ ਵੱਧ ਕੇ 7,027 ਹੋ ਗਈ ਹੈ ਉੱਥੇ ਹੀ ਮਰਨ ਵਾਲਿਆਂ ਦੀ ਸੰਖਿਆ 134 ਤੱਕ ਪਹੁੰਚ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਦੇਸ਼ ਵਿਚ ਕੀਤੇ ਗਏ ਲਾਕਡਾਊਨ ਵਿਚ ਛੁੱਟ ਮਿਲਣ ਕਰਕੇ ਕੋਰੋਨਾ ਦੇ ਕੇਸਾਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ ਸੱਤ ਅਪ੍ਰੈਲ ਨੂੰ ਇਸ ਤਰ੍ਹਾ ਤੇਜੀ ਨਾਲ ਮਾਮਲਿਆਂ ਦੀ ਗਿਣਤੀ ਵਧੀ ਸੀ ਜਦੋਂ 24 ਘੰਟਿਆਂ ਵਿਚ 700 ਮਾਮਲੇ ਦਰਜ ਕੀਤੇ ਗਏ ਸਨ। ਹਾਲਾਂਕਿ ਕੋਰੋਨਾ ਦੇ ਕੇਸਾਂ ਦੀ ਗਿਣਤੀ ਵੱਧਣ ਦਾ ਦੂਜਾ ਕਾਰਨ ਟੈਸਟਿੰਗ ਦੀ ਗਤੀ ਨੂੰ ਵੀ ਦੱਸਿਆ ਜਾ ਰਿਹਾ ਹੈ। ਰਿਪੋਰਟਾਂ ਅਨੁਸਾਰ ਪਹਿਲਾਂ ਪਾਕਿਸਤਾਨ ਵਿਚ ਇਕ ਦਿਨ ‘ਚ ਕੇਵਲ 2400 ਟੈਸਟ ਕੀਤੇ ਜਾਂਦੇ ਸਨ ਜਦਕਿ ਬੀਤੇ ਦਿਨ ਪਹਿਲੀ ਵਾਰ 5300 ਟੈਸਟ ਕੀਤੇ ਗਏ ਜਿਸ ਕਾਰਨ ਕੋਰੋਨਾ ਦੇ ਕੇਸਾਂ ਦੀ ਜਿਆਦਾ ਗਿਣਤੀ ਵਿਚ ਪੁਸ਼ਟੀ ਹੋਈ ਹੈ।
International Monetary Fund (IMF) approves $1.4 billion in #coronavirus aid to Pakistan: AFP news agency pic.twitter.com/g4eQxo9KuB
— ANI (@ANI) April 16, 2020
ਉੱਥੇ ਹੀ ਨਕਦੀ ਦੇ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਦੇ ਲਈ ਅੰਤਰਰਾਸ਼ਟਰੀ ਮੁੰਦਰਾ ਫੰਡ ਨੇ 1.4 ਅਰਬ ਡਾਲਰ ਦਾ ਰਾਹਤ ਪੈਕੇਜ ਦੇਣ ਦਾ ਐਲਾਨ ਕੀਤਾ ਹੈ। ਆਈਐਮਐਫ ਦੇ ਕਾਰਜਕਾਰੀ ਬੋਰਡ ਨੇ ਪਾਕਿਸਤਾਨ ਨੂੰ ਡਾਕਟਰੀ ਅਤੇ ਸਿਹਤ ਨਾਲ ਜੁੜੀ ਸਮੱਸਿਆਵਾਂ ਨੂੰ ਦੂਰ ਕਰਨ ਲਈ ਇਹ ਰਾਸ਼ੀ ਦਿੱਤੀ ਹੈ।

