ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–21 ਦਿਨਾਂ ਲਈ ਕੀਤੇ ਲਾਕਡਾਊਨ ਦੇ ਆਖਰੀ ਦਿਨ ਅੱਜ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸੰਬੋਧਨ ਕੀਤਾ ਹੈ ਅਤੇ ਇਸ ਲਾਕਡਾਊਨ ਨੂੰ ਅੱਗੇ 3 ਮਈ ਤੱਕ ਵਧਾਉਣ ਦਾ ਐਲਾਨ ਕਰਦੇ ਹੋਏ ਲੋਕਾਂ ਨੂੰ ਘਰ ਰਹਿਣ ਦੀ ਅਪੀਲ ਕੀਤੀ ਹੈ। ਪੀਐਮ ਮੋਦੀ ਨੇ ਇਹ ਵੀ ਕਿਹਾ ਕਿ ਜਿਹੜੇ ਇਲਾਕੇ ਕੋਰੋਨਾ ਦੇ ਹਾਟਸਪਾਟ ਨਹੀਂ ਬਨਣਗੇ ਉੱਥੇ 20 ਅਪ੍ਰੈਲ ਤੱਕ ਜਰੂਰੀ ਗਤੀਵਿਧੀਆਂ ਸ਼ੁਰੂ ਹੋਣਗੀਆਂ।

ਪੀਐਮ ਮੋਦੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ”ਵਿਸ਼ਵ ਮਹਾਮਾਰੀ ਕੋਰੋਨਾ ਵਿਰੁੱਧ ਭਾਰਤ ਦੀ ਲੜਾਈ ਮਜ਼ਬੂਤੀ ਨਾਲ ਅੱਗੇ ਵੱਧ ਰਹੀ ਹੈ। ਦੇਸ਼ਵਾਸੀਆਂ ਦੀ ਤਪੱਸਿਆ ਅਤੇ ਤਿਆਗ ਕਰਕੇ ਭਾਰਤ ਅਜੇ ਤੱਕ ਕੋਰੋਨਾ ਨਾਲ ਹੋਣ ਵਾਲੇ ਨੁਕਸਾਨ ਨੂੰ ਬਹੁਤ ਹੱਦ ਟਾਲਣ ਵਿਚ ਸਫ਼ਲ ਰਿਹਾ ਹੈ”। ਪੀਐਮ ਮੋਦੀ ਨੇ ਅੱਗੇ ਕਿਹਾ ਕਿ ”ਸਾਰਿਆਂ ਵੱਲੋ ਇਹ ਸੁਝਾਅ ਆਏ ਹਨ ਕਿ ਲਾਕਡਾਊਨ ਨੂੰ ਵਧਾਇਆ ਜਾਵੇ ਜਿਸ ਨੂੰ ਧਿਆਨ ਵਿਚ ਰੱਖਦੇ ਹੋਏ 3 ਮਈ ਤੱਕ ਲਾਕਡਾਊਨ ਵਧਾਉਣ ਦਾ ਫ਼ੈਸਲਾ ਕੀਤਾ ਹੈ। ਇਸ ਲਈ ਸਾਰੇ ਲੋਕ ਅਨੁਸ਼ਾਸਨ ਦੇ ਨਾਲ ਘਰਾਂ ਵਿਚ ਰਹਿਣ”।
ਪੀਐਮ ਮੋਦੀ ਅਨੁਸਾਰ ”ਜੇਕਰ ਆਰਥਿਕ ਪੱਖੋਂ ਵੇਖਿਆ ਜਾਵੇ ਤਾਂ ਇਹ ਮਹਿੰਗਾ ਜਰੂਰ ਲੱਗਦਾ ਹੈ ਪਰ ਭਾਰਤ ਦੇ ਲੋਕਾਂ ਦੀ ਜਿੰਦਗੀ ਦੇ ਅੱਗੇ ਇਸ ਦੀ ਕੋਈ ਤੁਲਨਾ ਨਹੀਂ ਹੋ ਸਕਦੀ। ਸੀਮਤ ਸਾਧਨਾਂ ਵਿਚਾਲੇ ਭਾਰਤ ਜਿਸ ਰਸਤੇ ਉੱਤੇ ਚੱਲਿਆ ਹੈ ਅੱਜ ਉਸ ਦੀ ਦੁਨੀਆ ਭਰ ਵਿਚ ਚਰਚਾ ਹੋ ਰਹੀ ਹੈ”। ਪੀਐਮ ਮੋਦੀ ਨੇ ਅੱਗੇ ਕਿਹਾ ਕਿ ”ਮੇਰੀ ਸਾਰੇ ਦੇਸ਼ਵਾਸੀਆਂ ਨੂੰ ਬੇਨਤੀ ਹੈ ਕਿ ਹੁਣ ਕੋਰੋਨਾ ਨੂੰ ਅਸੀ ਕਿਸੇ ਵੀ ਕੀਮਤ ਉੱਤੇ ਨਵੇਂ ਖੇਤਰ ਵਿਚ ਨਹੀਂ ਫੈਲਣ ਦੇਣਾ ਹੈ। ਸਥਾਨਕ ਪੱਧਰ ਉੱਤੇ ਹੁਣ ਇਕ ਵੀ ਮਰੀਜ਼ ਵੱਧਦਾ ਹੈ ਤਾਂ ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ”। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ”ਅਗਲੇ ਇਕ ਹਫ਼ਤੇ ਕੋਰੋਨਾ ਵਿਰੁੱਧ ਲੜਾਈ ਵਿਚ ਕਠੋਰਤਾ ਹੋਰ ਵਧਾਈ ਜਾਵੇਗੀ ਅਤੇ 20 ਅਪ੍ਰੈਲ ਤੱਕ ਹਰ ਕਸਬੇ, ਥਾਣੇ, ਜਿਲ੍ਹਾ ਅਤੇ ਸੂਬੇ ਨੂੰ ਪਰਖਿਆ ਜਾਵੇਗਾ ਕਿ ਉੱਥੇ ਲਾਕਡਾਊਨ ਦਾ ਕਿੰਨਾ ਪਾਲਣ ਹੋ ਰਿਹਾ ਹੈ। ਜੇਕਰ ਉਹ ਖੇਤਰ ਕੋਰੋਨਾ ਦੇ ਹਾਟਸਪਾਟ ਨਹੀਂ ਹੋਣਗੇ ਅਤੇ ਇਸ ਪ੍ਰੀਖਿਆ ਵਿਚ ਸਫ਼ਲ ਹੋਣਗੇ ਉੱਥੇ 20 ਅਪ੍ਰੈਲ ਤੋਂ ਕੁੱਝ ਜ਼ਰੂਰੀ ਗਤੀਵਿਧੀਆਂ ਸ਼ੁਰੂ ਕੀਤੀਆਂ ਜਾਣਗੀਆਂ”।
ਪੀਐਮ ਮੋਦੀ ਨੇ ਇਨ੍ਹਾਂ ਸੱਤ ਗੱਲਾਂ ਉੱਤ ਮੰਗਿਆਂ ਦੇਸ਼ਵਾਸੀਆਂ ਦਾ ਸਾਥ-
- ਆਪਣੇ ਘਰਾਂ ‘ਚ ਬਜ਼ੁਰਗਾਂ ਦਾ ਖਾਸ ਧਿਆਨ ਰੱਖੋ, ਖਾਸ ਕਰਕੇ ਅਜਿਹੇ ਵਿਅਕਤੀ ਜਿਸ ਨੂੰ ਪੁਰਾਣੀ ਬੀਮਾਰੀ ਹੋਵੇ ਉਸ ਦੀ ਜਿਆਦਾ ਦੇਖਭਾਲ ਕਰਨੀ ਹੈ।
- ਸਮਾਜਿਕ ਦੂਰੀ ਦੀ ਲਕਸ਼ਮਣ ਰੇਖਾ ਦੀ ਪੂਰੀ ਤਰ੍ਹਾ ਪਾਲਣਾ ਕਰੋ, ਘਰ ‘ਚ ਬਣੇ ਫੇਸ ਕਵਰ ਅਤੇ ਮਾਸਕਾਂ ਦਾ ਜਰੂਰੀ ਤੌਰ ਦੀ ਵਰਤੋਂ ਕਰੋ।
- ਆਪਣੀ ਪ੍ਰਤੀਰੋਧਕ ਸ਼ਕਤੀ ਵਧਾਉਣ ਦੇ ਲਈ ਆਯੂਸ਼ ਮੰਤਰਾਲੇ ਦੁਆਰਾ ਜਾਰੀ ਕੀਤੇ ਨਿਰਦੇਸ਼ਾਂ ਦੀ ਪਾਲਣਾ ਕਰੋ, ਗਰਮ ਪਾਣੀ ਅਤੇ ਕਾੜੇ ਦਾ ਸੇਵਨ ਕਰਨਾ ਨਾ ਭੁੱਲੋ
- ਕੋਰੋਨਾ ਸੰਕਰਮਨ ਨੂੰ ਫੈਲਣ ਤੋਂ ਰੋਕਣ ਵਿਚ ਮਦਦ ਲਈ ਅਰੋਗਿਆ ਸੇਤੂ ਐਪ ਜਰੂਰ ਡਾਊਨਲੋਡ ਕਰੋ ਤੇ ਦੂਜਿਆਂ ਨੂੰ ਵੀ ਇਹ ਐਪ ਲਾਊਨਲੋਡ ਕਰਨ ਵਾਸਤੇ ਪ੍ਰੇਰਿਤ ਕਰੋ
- ਜਿੰਨਾ ਹੋ ਸਕੇ ਗਰੀਬ ਪਰਿਵਾਰਾਂ ਦੀ ਦੇਖ-ਰੇਖ ਕਰੋ ਅਤੇ ਉਨ੍ਹਾਂ ਦੇ ਭੋਜਣ ਦੀ ਲੋੜ ਪੂਰੀ ਕਰੋ।
- ਕੰਪਨੀਆਂ ਵਿਚ ਕੰਮ ਕਰ ਰਹੇ ਲੋਕਾਂ ਪ੍ਰਤੀ ਹਮਦਰਦੀ ਰੱਖੋ ਅਤੇ ਅਜਿਹੀ ਸਥਿਤੀ ਵਿਚ ਕਿਸੇ ਨੂੰ ਨੌਕਰੀ ਤੋਂ ਨਾ ਕੱਢੋ
- ਕੋਰੋਨਾ ਨਾਲ ਲੜ ਰਹੇ ਯੋਧਿਆਂ, ਸਾਡੇ ਡਾਕਟਰਾਂ, ਨਰਸਾਂ, ਸਫ਼ਾਈ ਕਰਮੀਆਂ ਅਤੇ ਪੁਲਿਸ ਕਰਮਚਾਰੀਆਂ ਦਾ ਸਨਮਾਨ ਕਰੋ।
