ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅੱਜ ਐਤਵਾਰ ਸਵੇਰੇ ਪਟਿਆਲਾ ਦੀ ਸਬਜ਼ੀ ਮੰਡੀ ਵਿਚ ਡਿਊਟੀ ਦੇ ਰਹੇ ਪੁਲਿਸ ਵਾਲਿਆਂ ਉੱਤੇ ਕੁੱਝ ਨਿਹੰਗਾਂ ਦੁਆਰਾ ਕੀਤੇ ਹਮਲੇ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਦਭਾਗਾ ਦੱਸਿਆ ਹੈ ਅਤੇ ਮੁਲਜ਼ਮਾਂ ਉੱਤੇ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਨਾਲ ਹੀ ਉਨ੍ਹਾਂ ਨੇ ਇਸ ਪੂਰੀ ਘਟਨਾ ਵਿਚ ਆਪਣਾ ਹੱਥ ਗਵਾ ਚੁੱਕੇ ਏਐਸਆਈ ਹਰਜੀਤ ਸਿੰਘ ਦੇ ਸਫ਼ਲ ਆਪਰੇਸ਼ਨ ਹੋਣ ਦੀ ਕਾਮਨਾ ਕੀਤੀ ਹੈ।
ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਇਸ ਹਮਲੇ ਦੀ ਨਿੰਦਿਆ ਕਰਦੇ ਹੋਏ ਕਿਹਾ ਕਿ ਸੱਭ ਤੋਂ ਜਿਆਦਾ ਦੁੱਖ ਦੀ ਗੱਲ ਇਹ ਹੈ ਕਿ ਇਸ ਹਮਲੇ ਵਿਚ ਇਕ ਏਐਸਆਈ ਦਾ ਹੱਥ ਵੱਢਿਆ ਗਿਆ ਅਤੇ 6 ਹੋਰ ਪੁਲਿਸ ਕਰਮਚਾਰੀ ਜਖਮੀ ਹੋਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁਤਾਬਕ ”ਪੁਲਿਸ ਨੇ ਮੁਲਜ਼ਮਾਂ ਨੂੰ ਘੇਰ ਕੇ ਗਿਰਫ਼ਤਾਰ ਕਰ ਲਿਆ ਹੈ ਅਤੇ ਮੈ ਇਹ ਬਿਲਕੁੱਲ ਬਰਦਾਸ਼ਤ ਨਹੀਂ ਕਰਾਂਗਾ ਕਿ ਕੋਈ ਵੀ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਭੰਗ ਕਰੇ ਅਤੇ ਇਸ ਲਈ ਪੰਜਾਬ ਪੁਲਿਸ ਨੂੰ ਪੂਰੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ‘ਤੇ ਕਾਨੂੰਨੀ ਕਾਰਵਾਈ ਕਰੋ”। ਸੀਐਮ ਕੈਪਟਨ ਨੇ ਅੱਗੇ ਕਿਹਾ ਕਿ ”ਮੈ ਐਸਆਈ ਬਿੱਕਰ ਸਿੰਘ ਦੀ ਅਗਵਾਈ ਵਾਲੀ ਨਾਕਾ ਪਾਰਟੀ ਦੀ ਸ਼ਲਾਘਾ ਕਰਦਾ ਹਾਂ ਕਿ ਉਨ੍ਹਾਂ ਨੇ ਪੇਸ਼ੇਵਰ ਤਰੀਕੇ ਨਾਲ ਇਸ ਮਸਲੇ ਨੂੰ ਸੰਭਾਲਿਆ ਹੈ। ਜਖਮੀ ਏਐਸਆਈ ਹਰਜੀਤ ਸਿੰਘ ਦੀ ਪੀਜੀਆਈ ਚੰਡੀਗੜ੍ਹ ਵਿਖੇ ਪਲਾਸਟਿਕ ਸਰਜਰੀ ਚੱਲ ਰਹੀ ਹੈ ਮੈਂ ਉਨ੍ਹਾਂ ਦੀ ਸਰਜਰੀ ਦੀ ਕਾਮਯਾਬੀ ਅਤੇ ਸਿਹਤਯਾਬੀ ਦੀ ਅਰਦਾਸ ਕਰਦਾ ਹਾਂ”। ਦੱਸ ਦਈਏ ਕਿ ਅੱਜ ਸਵੇਰੇ ਸਾਢੇ ਛੇ ਵਜੇ ਦੇ ਕਰੀਬ ਇਕ ਕਾਰ ਵਿਚ ਸਵਾਰ ਕੁੱਝ ਨਿਹੰਗ ਸਿੰਘ ਜਦੋਂ ਪਟਿਆਲਾ ਦੀ ਸਬਜ਼ੀ ਮੰਡੀ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਦੋਂ ਹੀ ਪੁਲਿਸ ਨੇ ਉਨ੍ਹਾਂ ਨੂੰ ਪਾਸ ਦਿਖਾਉਣ ਲਈ ਕਿਹਾ ਜਿਸ ਤੇ ਨਿਹੰਗ ਭੜਕ ਗਏ ਅਤੇ ਉਨ੍ਹਾਂ ਨੇ ਪੁਲਿਸ ਉੱਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ।

