ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਸੂਬੇ ਵਿਚੋਂ ਕੋਰੋਨਾ ਦੇ ਮਾਮਲੇ ਨਿਰੰਤਰ ਵੱਧ ਰਹੇ ਹਨ। ਪਿਛਲੇ 12 ਘੰਟਿਆਂ ਦੌਰਾਨ ਕੋਰੋਨਾ ਦੇ ਹੋਰ 10 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜਦਕਿ ਦੋ ਹੋਰ ਕੋਰੋਨਾ ਦੇ ਮਰੀਜ਼ਾਂ ਨੇ ਦਮ ਤੋੜ ਦਿੱਤਾ ਹੈ ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 10 ਹੋ ਚੁੱਕੀ ਹੈ।
ਜਾਣਕਾਰੀ ਅਨੁਸਾਰ ਅੱਜ ਮੁਹਾਲੀ ਦੇ ਡੇਰਾਬਸੀ ਤੋਂ ਹੋਰ 6 ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਨਾਲ ਪੰਜਾਬ ਵਿਚ ਮੁਹਾਲੀ ਜਿਲ੍ਹੇ ਤੋਂ ਸੱਭ ਤੋਂ ਜਿਆਦਾ 36 ਕੋਰੋਨਾ ਦੇ ਕੇਸ ਸਾਹਮਣੇ ਆ ਚੁੱਕੇ ਹਨ। ਉੱਥੇ ਹੀ ਲੁਧਿਆਣਾ ਵਿਚ 2 ਮਰੀਜ਼ਾਂ ਦੀ ਰਿਪੋਰਟ ਕੋਰੋਨਾ ਵਾਇਰਸ ਨਾਲ ਪਾਜ਼ੀਟਿਵ ਆਈ ਹੈ। ਇੱਥੇ ਇਕ 15 ਸਾਲਾਂ ਬੱਚਾ ਕੋਰੋਨਾ ਦੀ ਚਪੇਟ ਵਿਚ ਆ ਚੁੱਕਿਆ ਹੈ ਜੋ ਕਿ ਜਗਰਾਓਂ ਦੇ ਚੌਕੀਮਾਨ ਦਾ ਰਹਿਣ ਵਾਲੀ ਹੈ ਨਾਲ ਹੀ ਇਕ 24 ਸਾਲਾਂ ਨੌਜਵਾਨ ਵਿਚ ਵੀ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ ਜਲੰਧਰ ਅਤੇ ਸ੍ਰੀ ਮੁਕਤਸਰ ਸਾਹਿਬ ਵਿਚ ਕੋਰੋਨਾ ਦੇ ਹੋਰ 1-1 ਮਰੀਜ਼ ਸਾਹਮਣੇ ਆਏ ਹਨ ਜਿਸ ਕਰਕੇ ਸੂਬੇ ਵਿਚ ਕੋਰੋਨਾ ਦੇ ਕੁੱਲ ਕੇਸਾਂ ਦੀ ਸੰਖਿਆ ਵੱਧ ਕੇ 116 ਹੋ ਚੁੱਕੀ ਹੈ। ਉੱਥੇ ਹੀ ਅੱਜ ਰੋਪੜ ਵਿਚ ਇਕ 54 ਸਾਲਾਂ ਅਤੇ ਜਲੰਧਰ ਵਿਚ 59 ਸਾਲਾਂ ਕੋਰੋਨਾ ਪੀੜਤ ਬਜ਼ੁਰਗਾਂ ਦੀ ਮੌਤ ਹੋ ਚੁੱਕੀ ਹੈ। ਇਹ ਵੀ ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਕਹਿਰ ਨੂੰ ਵੇਖਦੇ ਹੋਏ ਸੂਬੇ ਵਿਚ ਕਰਫਿਊ ਵਧਾਉਣ ਨੂੰ ਲੈ ਕੇ ਛਿੜੀ ਚਰਚਾ ਵਿਚਾਲੇ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਸਾਫ਼ ਕੀਤਾ ਹੈ ਕਿ ਕਰਫਿਊ ਵਧਾਉਣ ਨੂੰ ਲੈ ਕੇ ਫ਼ੈਸਲਾ ਭਲਕੇ 10 ਅਪ੍ਰੈਲ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ਵਿਚ ਲਿਆ ਜਾਵੇਗਾ।

