ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਦੁਨੀਆ ਭਰ ਦੇ ਦੇਸ਼ਾਂ ਵਿਚ ਆਪਣਾ ਕਹਿਰ ਮਚਾਇਆ ਹੋਇਆ ਹੈ। ਭਾਰਤ ਵਿਚ ਵੀ ਕੋਰੋਨਾ ਵਾਇਰਸ ਆਪਣੇ ਅਸਲੀ ਰੰਗ ਵਿਖਾਉਣੇ ਸ਼ੁਰੂ ਕਰ ਚੁੱਕਿਆ ਹੈ ਅਤੇ ਪੂਰੇ ਦੇਸ਼ ਵਿਚੋਂ ਕੋਰੋਨਾ ਵਾਇਰਸ ਦੇ ਕੇਸਾਂ ਦੀ ਸੰਖਿਆ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਖਬਰ ਲਿਖੇ ਜਾਣ ਤੱਕ 649 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 2 ਹੋਰ ਲੋਕਾਂ ਨੇ ਆਪਣੀ ਜਾਨ ਗਵਾਈ ਹੈ।
ਦਰਅਸਲ ਗੋਆ, ਮਹਾਰਾਸ਼ਟਰ, ਤੇਲੰਗਾਨਾ, ਜੰਮੂ ਕਸ਼ਮੀਰ ਅਤੇ ਪੱਛਮੀ ਬੰਗਾਲ ਤੋਂ ਨਵੇਂ ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆਏ ਹਨ ਉੱਥੇ ਹੀ ਜੰਮੂ ਕਸ਼ਮੀਰ ਅਤੇ ਮਹਾਰਾਸ਼ਟਰ ਵਿਚ ਕੋਰੋਨਾ ਕਰਕੇ ਇਕ-ਇਕ ਹੋਰ ਮੌਤ ਹੋਈ ਹੈ। ਜੰਮੂ ਕਸ਼ਮੀਰ ਵਿਚ ਕੋਰੋਨਾ ਨਾਲ ਇਹ ਪਹਿਲੀ ਮੌਤ ਹੈ ਦਰਅਸਲ ਇੱਥੇ ਇਕ 65 ਸਾਲਾਂ ਬਜ਼ੁਰਗ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਸੀ ਜਿਸ ਨੇ ਹੁਣ ਦਮ ਤੋੜ ਦਿੱਤਾ ਹੈ। ਮ੍ਰਿਤਕ ਬਜ਼ੁਰਗ ਦੀ ਟ੍ਰੈਵਲ ਹਿਸਟਰੀ ਵਿਦੇਸ਼ ਦੀ ਹੈ। ਜਦਕਿ ਮਹਾਰਾਸ਼ਟਰ ਵਿਚ ਕੁੱਲ ਮਰਨ ਵਾਲਿਆਂ ਦੀ ਗਿਣਤੀ 4 ਹੋ ਗਈ ਹੈ। ਇਸ ਤੋਂ ਪਹਿਲਾਂ ਬੀਤੇ ਦਿਨ ਮੱਧ ਪ੍ਰਦੇਸ਼ ਵਿਚ ਵੀ ਕੋਰੋਨਾ ਵਾਇਰਸ ਨਾਲ ਇਕ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਜਿਸ ਨਾਲ ਮਰਨ ਵਾਲਿਆਂ ਦਾ ਕੁੱਲ ਅੰਕੜਾ ਪੂਰੇ ਦੇਸ਼ ਵਿਚ 14 ਹੋ ਗਿਆ ਹੈ ਜਦਕਿ 649 ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹੋ ਚੁੱਕੇ ਹਨ ਅਤੇ ਇਨ੍ਹਾਂ ਵਿਚੋਂ 42 ਮਰੀਜ਼ਾਂ ਦੀ ਸਿਹਤ ਵਿਚ ਸੁਧਾਰ ਹੋਣ ‘ਤੇ ਉਨ੍ਹਾਂ ਨੂੰ ਹਸਪਤਾਲ ਵਿਚੋਂ ਛੁੱਟੀ ਵੀ ਮਿਲ ਚੁੱਕੀ ਹੈ।
ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਪੂਰਾ ਦੇਸ਼ 21 ਦਿਨਾਂ ਲਈ ਲਾਕਡਾਊਨ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਘਰੋਂ ਨਾ ਨਿਕਲਣ ਦੀ ਅਪੀਲ ਕੀਤੀ ਗਈ ਹੈ। ਇਸ ਲਾਕਡਾਊਨ ਦਾ ਐਲਾਨ ਪੀਐਮ ਮੋਦੀ ਨੇ ਮੰਗਲਵਾਰ ਨੂੰ ਰਾਤ 8 ਵਜੇ ਰਾਸ਼ਟਰ ਨੂੰ ਸੰਬੋਧਨ ਕਰਨ ਦੌਰਾਨ ਕੀਤਾ ਸੀ ਜੋ ਕਿ ਉਸੇ ਰਾਤ 12 ਵਜੇ ਤੋਂ ਲਾਗੂ ਹੋ ਚੁੱਕਿਆ ਹੈ।

