ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਭਰ ਦੇ ਦੇਸ਼ਾਂ ਲਈ ਮੁਸਿਬਤ ਦਾ ਪਹਾੜ ਬਣ ਚੁੱਕਿਆ ਹੈ। ਵਿਸ਼ਵ ਭਰ ਦੇ ਦੇਸ਼ਾਂ ਨੂੰ ਕੋਰੋਨਾ ਵਾਇਰਸ ਨੇ ਆਪਣੀ ਚਪੇਟ ਵਿਚ ਲੈ ਲਿਆ ਹੈ। ਦੁਨੀਆ ਦੇ ਸਾਢੇ ਤਿੰਨ ਲੱਖ ਤੋਂ ਵੱਧ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਲਾਗ ਲੱਗ ਚੁੱਕੀ ਹੈ ਜਦਕਿ 16 ਹਜਾਰ ਤੋਂ ਜਿਆਦਾ ਕੋਰੋਨਾ ਪੀੜਤ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵੱਧ ਕੇ 382,057 ਹੋ ਗਈ ਹੈ ਜਦਿਕ 16,568 ਲੋਕਾਂ ਨੇ ਆਪਣੀ ਜਾਨ ਗਵਾ ਦਿੱਤੀ ਹੈ। ਉੱਥੇ ਹੀ 1 ਲੱਖ ਦੇ ਲਗਭਗ ਲੋਕਾਂ ਦੀ ਸਿਹਤ ਵਿਚ ਸੁਧਾਰ ਵੀ ਹੋਇਆ ਹੈ ਜਦਕਿ ਅਜੇ 12 ਹਜਾਰ ਦੇ ਕਰੀਬ ਕਾਫੀ ਗੰਭੀਰ ਕੇਸ ਵੀ ਹਨ।
ਕੋਰੋਨਾ ਵਾਇਰਸ ਦੇ ਕੇਂਦਰ ਚੀਨ ਵਿਚ ਪਿਛਲੇ ਕੁੱਝ ਦਿਨਾਂ ਤੋਂ ਇਸ ਮਹਾਮਾਰੀ ਦਾ ਕੋਈ ਕੇਸ ਨਿਕਲ ਕੇ ਸਾਹਮਣੇ ਨਹੀਂ ਆ ਰਿਹਾ ਸੀ ਪਰ ਹੁਣ 78 ਨਵੇਂ ਕੇਸ ਆ ਚੁੱਕੇ ਹਨ ਜਦਕਿ 7 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ ਜਿਸ ਨਾਲ ਮਰਨ ਵਾਲਿਆਂ ਦਾ ਅੰਕੜਾ 3,277 ਹੋ ਗਿਆ ਹੈ ਜਦਕਿ ਕੁੱਲ ਕੇਸਾਂ ਦੀ ਗਿਣਤੀ 81,170 ਹੋ ਚੁੱਕੀ ਹੈ। ਚੀਨ ਤੋਂ ਬਾਅਦ ਕੋਰੋਨਾ ਦਾ ਸੱਭ ਤੋਂ ਜਿਆਦਾ ਸ਼ਿਕਾਰ ਹੋਏ ਇਟਲੀ ਵਿਚ ਬੀਤੇ ਕੱਲ੍ਹ ਦੇ ਅੰਕੜਿਆ ਅਨੁਸਾਰ ਹੁਣ ਤੱਕ ਕੁੱਲ 63,927 ਕੇਸ ਸਾਹਮਣੇ ਆਏ ਹਨ ਉੱਥੇ 6,077 ਮੌਤਾਂ ਹੋਈਆਂ ਹਨ। ਸੁਪਰ ਪਾਵਰ ਅਮਰੀਕਾ ਵਿਚ ਵੀ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 46,144 ਹੋ ਚੁੱਕੀ ਹੈ ਜਦਿਕ 581 ਲੋਕਾਂ ਨੇ ਆਪਣੀ ਜਾਨ ਤੋਂ ਹੱਥ ਵੀ ਧੋ ਲਏ ਹਨ। ਇਸਲਾਮਿਕ ਦੇਸ਼ ਈਰਾਨ ਵਿਚ ਵੀ ਕੋਰੋਨਾ ਦੇ ਕੇਸਾਂ ਦੀ ਸੰਖਿਆ ਵੱਧ ਕੇ 23 ਹਜਾਰ ਹੋ ਗਈ ਹੈ ਜਦਿਕ 1800 ਲੋਕ ਆਪਣੀ ਜਾਨ ਗਵਾ ਬੈਠੇ ਹਨ। ਇਸ ਤੋਂ ਇਲਾਵਾ ਵੀ ਦੁਨੀਆ ਭਰ ਦੇ ਦੇਸ਼ ਕੋਰੋਨਾ ਵਾਇਰਸ ਦੀ ਮਹਾਮਾਰੀ ਦੀ ਚਪੇਟ ਵਿਚ ਆ ਚੁੱਕੇ ਹਨ ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੀ ਸ਼ੁਰੂਆਤ ਪਿਛਲੇ ਸਾਲ ਦੇ ਆਖਰ ਵਿਚ ਚੀਨ ਦੇ ਵੁਹਾਨ ਸ਼ਹਿਰ ਤੋਂ ਹੋਈ ਸੀ ਜਿਸ ਤੋਂ ਬਾਅਦ ਇਸ ਨੇ ਪੂਰੀ ਦੁਨੀਆ ਵਿਚ ਆਪਣੇ ਪੈਰ ਪਸਾਰ ਲਏ ਹਨ।


