ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮੱਧ ਪ੍ਰਦੇਸ਼ ਦੇ ਮੁੱਖ ਮੰੰਤਰੀ ਸ਼ਿਵਰਾਜ ਸਿੰਘ ਚੌਹਾਨ ਬੀਤੀ ਰਾਤ ਭਾਜਪਾ ਵਿਧਾਇਕ ਦਲ ਦੇ ਨੇਤਾ ਚੁਣ ਲਈ ਗਏ ਸਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੱਖ ਮੰਤਰੀ ਅਹੁਦੇ ਦੀ ਸੁੰਹ ਚੁੱਕੀ ਸੀ ਅਤੇ ਅੱਜ ਸਿਵਰਾਜ ਸਿੰਘ ਚੌਹਾਨ ਨੇ ਵਿਧਾਨ ਸਭਾ ਵਿਚ ਆਪਣਾ ਭਰੋਸਾ ਦਾ ਵੋਟ ਹਾਸਲ ਕਰ ਲਿਆ ਹੈ।
ਦਰਅਸਲ ਅੱਜ 24 ਮਾਰਚ ਨੂੰ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਸਦਨ ਦੀ ਕਾਰਵਾਈ ਸ਼ੁਰੂ ਹੋਣ ਸਾਰ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਆਪਣੀ ਪਾਰਟੀ ਦੇ ਬਹੁਮੱਤ ਦਾ ਪ੍ਰਸਤਾਵ ਪੇਸ਼ ਕੀਤਾ ਇਸ ਦੌਰਾਨ ਸਦਨ ਵਿਚ ਉਨ੍ਹਾਂ ਦੀ ਪਾਰਟੀ(ਭਾਜਪਾ) ਦੇ 107 ਵਿਧਾਇਕਾਂ ਤੋਂ ਇਲਾਵਾ, 2 ਸਪਾ, ਇਕ ਐਸਪੀ ਅਤੇ 2 ਅਜਾਦ ਉਮੀਦਵਾਰਾਂ ਨੇ ਉਨ੍ਹਾ ਦੇ ਪ੍ਰਸਤਾਵ ਦਾ ਸਮੱਰਥਨ ਕੀਤਾ। ਵੱਡੀ ਗੱਲ ਇਹ ਰਹੀ ਕਿ ਇਸ ਪੂਰੀ ਕਾਰਵਾਈ ਦੌਰਾਨ ਕਾਂਗਰਸ ਦਾ ਇਕ ਵੀ ਵਿਧਾਇਕ ਸਦਨ ਵਿਚ ਮੌਜੂਦ ਨਹੀਂ ਸੀ। ਮੱਧ ਪ੍ਰਦੇਸ਼ ਵਿਚ ਭਾਜਪਾ ਕੋਲ ਹੁਣ 112 ਵਿਧਾਇਕਾ ਦਾ ਸਮੱਰਥਨ ਹਾਸਲ ਹੈ ਅਤੇ ਕਾਂਗਰਸ ਕੋਲ 22 ਵਿਧਾਇਕਾਂ ਦੇ ਅਸਤੀਫਿਆਂ ਤੋਂ ਬਾਅਦ 92 ਵਿਧਾਇਕ ਹੀ ਬਚੇ ਹਨ।
ਦੱਸ ਦਈਏ ਕਿ ਇਸ ਤੋਂ ਪਹਿਲਾਂ 20 ਮਾਰਚ ਨੂੰ ਫਲੋਰ ਟੈਸਟ ਤੋਂ ਪਹਿਲਾਂ ਹੀ ਮੱਧ ਦੇ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਆਪਣੇ ਅਹੁੱਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਭਾਜਪਾ ਉੱਤੇ ਵਿਧਾਇਕਾਂ ਨੂੰ ਖਰੀਦਣ ਦਾ ਆਰੋਪ ਲਗਾਇਆ ਸੀ। ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼ ਵਿਚ ਕਾਂਗਰਸ ਦੇ ਵੱਡੇ ਆਗੂ ਰਹੇ ਜੋਤੀਰਾਦਿਤਿਆ ਸਿੰਧੀਆ ਭਾਜਪਾ ਵਿਚ ਸ਼ਾਮਲ ਹੋ ਗਏ ਸਨ ਅਤੇ ਉਨ੍ਹਾਂ ਦੇ ਧੜੇ ਦੇ 22 ਵਿਧਾਇਕ ਜਿਨ੍ਹਾਂ ਵਿਚ ਛੇ ਮੰਤਰੀ ਵੀ ਸ਼ਾਮਲ ਸਨ ਉਨ੍ਹਾਂ ਨੇ ਵੀ ਆਪਣਾ ਅਸਤੀਫਾ ਦੇ ਦਿੱਤਾ ਸੀ ਜਿਸ ਤੋਂ ਬਾਅਦ ਸੂਬੇ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਗਿਰ ਗਈ ਸੀ।


