ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਵੀਰਵਾਰ ਨੂੰ ਸਪੱਸ਼ਟ ਕੀਤਾ ਹੈ ਕਿ, ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਤੱਕ ਨੋਵੇਲ ਕੋਰੋਨਾ ਵਾਇਰਸ ਦਾ ਕੋਈ ਵੀ ਸ਼ੱਕੀ ਜਾਂ ਕੰਨਫਰਮ ਮਰੀਜ਼ ਨਹੀਂ ਹੈ। ਉਨ੍ਹਾਂ ਮੀਡੀਆ ਵਿੱਚ ਚੱਲ ਰਹੀਆਂ ਕੁਝ ਗੁੰਮਰਾਹਕੁੰਨ ਖ਼ਬਰਾਂ ਦਾ ਸਖ਼ਤ ਖੰਡਨ ਕਰਦਿਆਂ ਚਿਤਾਵਨੀ ਦਿੱਤੀ ਕਿ, ਜੇਕਰ ਕੋਈ ਵੀ ਵਿਅਕਤੀ ਜਾਂ ਅਦਾਰਾ ਗੁੰਮਰਾਹਕੁੰਨ ਅਫਵਾਹਾਂ ਫੈਲਾਉਂਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਵੇਗੀ।
ਇਹ ਜਾਣਕਾਰੀ ਅੱਜ ਉਨ੍ਹਾਂ ਸਥਾਨਕ ਬਚਤ ਭਵਨ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਦਿੱਤੀ। ਇਸ ਦੌਰਾਨ ਪੁਲਿਸ ਕਮਿਸ਼ਨਰ ਰਾਕੇਸ਼ ਕੁਮਾਰ ਅਗਰਵਾਲ, ਇਕਬਾਲ ਸਿੰਘ ਸੰਧੂ, ਜਸਪਾਲ ਸਿੰਘ ਗਿੱਲ ਅਤੇ ਸ੍ਰੀਮਤੀ ਨੀਰੂ ਕਤਿਆਲ ਗੁਪਤਾ (ਤਿੰਨੇ ਵਧੀਕ ਡਿਪਟੀ ਕਮਿਸ਼ਨਰ), ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ, ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਡੀਸੀ ਪ੍ਰਦੀਪ ਕੁਮਾਰ ਅਗਰਵਾਲ ਨੇ ਸਪੱਸ਼ਟ ਕੀਤਾ ਕਿ, ਜ਼ਿਲ੍ਹਾ ਲੁਧਿਆਣਾ ਵਿੱਚ ਹਾਲੇ ਤੱਕ 11 ਸ਼ੱਕੀ ਮਰੀਜ਼ਾਂ ਦੇ ਨਮੂਨੇ ਲਏ ਗਏ ਹਨ, ਜਿਨ੍ਹਾਂ ਵਿੱਚੋਂ 10 ਨਮੂਨਿਆਂ ਦੇ ਨਤੀਜੇ ਨੈਗੇਟਿਵ ਆਏ ਹਨ, ਜਦਕਿ ਇੱਕ ਨਤੀਜੇ ਦੀ ਉਡੀਕ ਕੀਤੀ ਜਾ ਰਹੀ ਹੈ। ਹਾਲੇ ਤੱਕ ਜ਼ਿਲ੍ਹੇ ਵਿੱਚ ਕੋਈ ਵੀ ਸ਼ੱਕੀ ਜਾਂ ਕੰਨਫਰਮ ਮਰੀਜ਼ ਨਹੀਂ ਹੈ। ਇਸ ਤੋਂ ਇਲਾਵਾ ਨਾ ਹੀ ਕੋਈ ਸ਼ੱਕੀ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ, ਲੋਕਾਂ ਨੂੰ ਇਸ ਬਿਮਾਰੀ ਦੇ ਹਰ ਪਹਿਲੂ ਤੋਂ ਜਾਣੂ ਕਰਾਉਣ ਲਈ ਪਲਸ ਪੋਲੀਓ ਰੋਕੂ ਮੁਹਿੰਮ ਦੀ ਤਰਜ਼ ‘ਤੇ ਘਰ-ਘਰ ਜਾਗਰੂਕਤਾ ਮੁਹਿੰਮ 19 ਤੋਂ 26 ਮਾਰਚ ਤੱਕ ਚਲਾਈ ਜਾ ਰਹੀ ਹੈ, ਜਿਸ ਲਈ 2000 ਟੀਮਾਂ ਦਾ ਗਠਨ ਕੀਤਾ ਗਿਆ ਹੈ। ਸਿਹਤ ਵਿਭਾਗ ਦੀ ਅਗਵਾਈ ਵਿੱਚ ਬਣਾਈਆਂ ਗਈਆਂ ਟੀਮਾਂ ਵਿੱਚ ਸਿੱਖਿਆ, ਆਂਗਨਵਾੜੀ ਅਤੇ ਸਹਿਕਾਰਤਾ ਵਿਭਾਗ ਦੇ ਕਰਮਚਾਰੀਆਂ ਨੂੰ ਲਗਾਇਆ ਗਿਆ ਹੈ।
ਡੀਸੀ ਪ੍ਰਦੀਪ ਕੁਮਾਰ ਅਗਰਵਾਲ ਨੇ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਸ ਬਿਮਾਰੀ ਤੋਂ ਬਚਾਅ ਸੰਬੰਧੀ ਜਾਗਰੂਕ ਕੀਤਾ ਜਾ ਚੁੱਕਿਆ ਹੈ। ਸਾਰੇ ਐੱਸਡੀਐੱਮਜ਼ ਨੂੰ ਮਾਸਕ ਅਤੇ ਹੈਂਡ ਸੈਨੇਟਾਈਜ਼ਰਾਂ ਦੀ ਜਮਾਖੋਰੀ ਅਤੇ ਬਿਨਾਂ ਗੁਣਵੱਤਾ ਗਈਆਂ ਹਨ। ਉਨ੍ਹਾਂ ਕਿਹਾ ਕਿ, ਉਕਤ ਜ਼ਰੂਰੀ ਵਸਤਾਂ ਦੀ ਜਮਾਂਖੋਰੀ ਅਤੇ ਮੁਨਾਫੇਖੋਰੀ ਕਰਨ ਵਾਲਿਆਂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਅਗਰਵਾਲ ਨੇ ਦੱਸਿਆ ਕਿ, ਜ਼ਿਲ੍ਹੇ ਵਿੱਚ 54 ਆਈਸੋਲੇਸ਼ਨ ਕੇਂਦਰ ਅਤੇ 81 ਕੁਆਰੇਨਟਾਈਨ ਸਾਈਟਾਂ ਲੱਭੀਆਂ ਜਾ ਚੁੱਕੀਆਂ ਹਨ।
ਉਨ੍ਹਾਂ ਕਿਹਾ ਕਿ, ਫੈਕਟਰੀ ਮਾਲਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ, ਉਹ ਆਪਣੀਆਂ ਫੈਕਟਰੀਆਂ ਵਿੱਚ 50 ਤੋਂ ਜਿਆਦਾ ਵਰਕਰ ਇੱਕੋ ਵੇਲੇ ਐਂਟਰ ਨਾ ਕਰਾਉਣ। ਅਗਲੀ ਐਂਟਰੀ ਵਿੱਚ ਘੱਟੋ-ਘੱਟ 15 ਮਿੰਟ ਦਾ ਵਕਫਾ ਜ਼ਰੂਰ ਹੋਵੇ। ਇਸ ਤੋਂ ਇਲਾਵਾ ਸਿਖ਼ਲਾਈ ਆਦਿ ਕਰਾਉਣ ਲਈ ਇੱਕ-ਇੱਕ ਨੋਡਲ ਅਧਿਕਾਰੀ ਨਾਮਜ਼ਦ ਕਰਨ ਬਾਰੇ ਵੀ ਹਦਾਇਤ ਕੀਤੀ ਗਈ ਹੈ। ਫੈਕਟਰੀਆਂ ਦੇ ਬਾਹਰ ਅਤੇ ਅੰਦਰ ਸਾਬਣ ਅਤੇ ਹੈਂਡ ਸੈਨੇਟਾਈਜ਼ਰ ਆਦਿ ਦੀ ਵਿਵਸਥਾ ਕਰਨ ਬਾਰੇ ਵੀ ਕਿਹਾ ਗਿਆ ਹੈ। ਵਰਕਰਾਂ ਵਿੱਚ 2 ਮੀਟਰ ਦਾ ਫਾਸਲਾ ਜ਼ਰੂਰੀ ਰਖਵਾਇਆ ਜਾਵੇ। ਇਸ ਸੰਬੰਧੀ ਅੱਜ ਫੈਕਟਰੀ ਮਾਲਕਾਂ ਨਾਲ ਵੱਖਰੇ ਤੌਰ ‘ਤੇ ਮੀਟਿੰਗ ਵੀ ਕੀਤੀ ਗਈ।
ਉਨ੍ਹਾਂ ਇਹ ਵੀ ਦੱਸਿਆ ਕਿ ਖੁਰਾਕ, ਸਿਵਲ ਸਪਲਾਈ ਕੰਟਰੋਲਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ, ਲੋੜੀਂਦੀ ਮਾਤਰਾ ਵਿੱਚ ਖਾਧ ਪਦਾਰਥ ਆਪਣੇ ਕਬਜ਼ੇ ਵਿੱਚ ਰੱਖੇ ਜਾਣ ਤਾਂ ਜੋ ਲੋੜ ਪੈਣ ‘ਤੇ ਲੋਕਾਂ ਵਿੱਚ ਵੰਡੇ ਜਾ ਸਕਣ। ਸਾਰੇ ਸਰਕਾਰੀ ਦਫ਼ਤਰਾਂ ਵਿੱਚ ਹੈਂਡ ਸੇਨੇਟਾਈਜ਼ਰ ਅਤੇ ਸਾਬਣ ਆਦਿ ਮੁਹੱਈਆ ਕਰਾਉਣ ਲਈ ਹਦਾਇਤ ਕੀਤੀ ਗਈ ਹੈ। ਕਈ ਵਿਭਾਗਾਂ ਨੂੰ 24 ਘੰਟੇ ਚਾਲੂ ਰੱਖੇ ਜਾਣ ਵਾਲੇ ਕੰਟਰੋਲ ਰੂਮ ਸ਼ੁਰੂ ਕਰਨ ਬਾਰੇ ਕਿਹਾ ਗਿਆ ਹੈ।
ਉਨ੍ਹਾਂ ਕਿਹਾ ਕਿ, ਪੰਜਾਬ ਸਰਕਾਰ ਵੱਲੋਂ ਪ੍ਰਾਪਤ ਹਦਾਇਤਾਂ ਦੀ ਪਾਲਣਾ ਵਿੱਚ ਸਾਰੇ ਸ਼ਾਪਿੰਗ ਮਾਲਜ਼, ਅਜਾਇਬ ਘਰ, ਹਫ਼ਤਾਵਰੀ ਕਿਸਾਨ ਮੰਡੀਆਂ ਆਦਿ ਨੂੰ 31 ਮਾਰਚ ਤੱਕ ਬੰਦ ਕਰਨ ਬਾਰੇ ਕਿਹਾ ਗਿਆ ਹੈ। ਮਾਲਜ਼ ਵਿੱਚ ਚੱਲਦੀਆਂ ਦਵਾਈ ਦੀਆਂ ਦੁਕਾਨਾਂ ਅਤੇ ਗਰੌਸਰੀ ਸਟੋਰ ਆਦਿ ਖੁੱਲ੍ਹੇ ਰੱਖੇ ਜਾ ਸਕਦੇ ਹਨ। ਇਸੇ ਤਰ੍ਹਾਂ ਧਾਰਮਿਕ ਸਥਾਨਾਂ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਗਈ ਹੈ ਕਿ, ਉਹ ਆਗਾਮੀ ਦਿਨਾਂ ਵਿੱਚ ਹੋਣ ਵਾਲੇ ਸਾਰੇ ਧਾਰਮਿਕ ਸਮਾਗਮਾਂ ਮੁਲਤਵੀ ਕਰ ਦੇਣ।
ਉਨ੍ਹਾਂ ਕਿਹਾ ਕਿ, ਪੰਜਾਬ ਸਰਕਾਰ ਨੇ ਵਿਆਹ ਆਦਿ ਸਮਾਗਮਾਂ ‘ਤੇ ਲੋਕਾਂ ਦੀ ਗਿਣਤੀ 50 ਤੱਕ ਨਿਯਤ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਸੇ ਤਰ੍ਹਾਂ ਰੈਸਤਰਾਂ, ਹੋਟਲਾਂ, ਢਾਬਿਆਂ ਅਤੇ ਫੂਡ ਕੋਰਟਾਂ ਦੇ ਮਾਲਕਾਂ ਨੂੰ ਵੀ ਉਕਤ ਗਿਣਤੀ ਅਤੇ ਸਫਾਈ ਆਦਿ ਰੱਖਣ ਸੰਬੰਧੀ ਲਿਖਿਆ ਜਾ ਚੁੱਕਾ ਹੈ। ਇਸੇ ਤਰ੍ਹਾਂ ਕਿਸਾਨ ਮੰਡੀਆਂ ਬੰਦ ਕਰਨ ਦੇ ਨਾਲ-ਨਾਲ ਲੋਕਾਂ ਦੀ ਸਹੂਲਤ ਲਈ ਰੇਹੜੀ ਵਾਲਿਆਂ ਨੂੰ ਗਲੀਆਂ ਵਿੱਚ ਸਬਜੀ ਵੇਚਣ ਦੀ ਆਗਿਆ ਦਿੱਤੀ ਗਈ ਹੈ।



