ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆਂ ਲਈ ਇਕ ਆਫਤ ਬਣਿਆ ਹੋਇਆ ਹੈ। ਇਸ ਵਾਇਰਸ ਨੇ ਆਪਣੇ 146 ਦੇਸ਼ਾਂ ਵਿਚ ਪੈਰ ਜਮਾ ਲਏ ਹਨ। ਕੋਰੋਨਾ ਦੀ ਮਹਾਮਾਰੀ ਨੇ 7100 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ ਅਤੇ 1 ਲੱਖ 82 ਹਜ਼ਾਰ ਤੋਂ ਜਿਆਦਾ ਲੋਕ ਇਸ ਮਹਾਮਾਰੀ ਨਾਲ ਪੀੜਤ ਹਨ ਜਿਸ ਦੇ ਚੱਲਦੇ ਹੁਣ ਇਸਲਾਮਿਕ ਦੇਸ਼ ਈਰਾਨ ਨੇ ਵੀ ਆਪਣੇ 85 ਹਜਾਰ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਈਰਾਨ ਦੇ ਇਕ ਅਧਿਕਾਰੀ ਨੇ ਦੱਸਿਆ ਹੈ ਕਿ ਦੇਸ਼ ਨੇ ਕੋਰੋਨਾ ਵਾਇਰਸ ਦੇ ਕਹਿਰ ਨੂੰ ਵੇਖਦੇ ਹੋਏ ਅਤੇ ਇਸ ਦੀ ਰੌਕਥਾਮ ਲਈ ਰਾਜਨੀਤਿਕ ਕੈਦੀਆਂ ਸਮੇਤ 85000 ਕੈਦੀਆਂ ਨੂੰ ਰਿਹਾਅ ਕਰ ਦਿੱਤਾ ਹੈ। ਦਰਅਸਲ ਕੋਰੋਨਾ ਵਾਇਰਸ ਨੇ ਚੀਨ ਅਤੇ ਇਟਲੀ ਤੋਂ ਬਾਅਦ ਸੱਭ ਤੋਂ ਜਿਆਦਾ ਕਹਿਰ ਈਰਾਨ ਵਿਚ ਮਚਾਇਆ ਹੈ। ਈਰਾਨ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਸੰਖਿਆ 853 ਹੋ ਚੁੱਕੀ ਹੈ ਜਦਕਿ 14,990 ਲੋਕਾਂ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋ ਚੁੱਕੀ ਹੈ। ਅਮਰੀਕਾ ਦੁਆਰਾ ਈਰਾਨ ਉੱਤੇ ਕਈ ਤਰ੍ਹਾ ਦੀਆਂ ਪਾਬੰਦੀਆਂ ਵੀ ਲਗਾਈ ਹੋਈਆਂ ਹਨ ਜਿਸ ਕਰਕੇ ਈਰਾਨ ਨੇ ਕੁੱਝ ਦਿਨ ਪਹਿਲਾਂ ਇਹ ਵੀ ਆਰੋਪ ਲਗਾਇਆ ਸੀ ਕਿ ਉਸ ਨੂੰ ਪਾਬੰਦੀਆਂ ਕਾਰਨ ਇਸ ਮਹਾਮਾਰੀ ਵਿਰੁੱਧ ਨਜਿੱਠਣ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
234 Indians stranded in #Iran have arrived in India; including 131 students and 103 pilgrims.
Thank you Ambassador @dhamugaddam and @India_in_Iran team for your efforts. Thank Iranian authorities.— Dr. S. Jaishankar (@DrSJaishankar) March 14, 2020
ਇਸ ਤੋਂ ਪਹਿਲਾਂ 15 ਮਾਰਚ ਨੂੰ ਈਰਾਨ ਵਿਚ ਫਸੇ 234 ਭਾਰਤੀਆਂ ਨੂੰ ਭਾਰਤ ਸਰਕਾਰ ਦੁਆਰਾ ਵਾਪਸ ਆਪਣੇ ਦੇਸ਼ ਲਿਆਇਆ ਗਿਆ ਸੀ ਜਿਸ ਵਿਚ 131 ਵਿਦਿਆਰਥੀ ਅਤੇ 103 ਤੀਰਥ ਯਾਤਰੀ ਸ਼ਾਮਲ ਸਨ ਜੋ ਕਿ ਉੱਥੇ ਧਾਰਮਿਕ ਯਾਤਰਾ ਲਈ ਗਏ ਸਨ। ਈਰਾਨ ਵਿਚੋਂ ਭਾਰਤੀਆਂ ਨੂੰ ਵਾਪਸ ਦੇਸ਼ ਲਿਆਉਣ ਬਾਰੇ ਜਾਣਕਾਰੀ ਖੁਦ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਟਵੀਟ ਕਰਕੇ ਦਿੱਤੀ ਅਤੇ ਈਰਾਨੀ ਅਧਿਕਾਰੀਆਂ ਦਾ ਸਹਿਯੋਗ ਲਈ ਧੰਨਵਾਦ ਕੀਤਾ।

