ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਦੁਨੀਆ ਦੇ 146 ਦੇਸ਼ਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ ਹੈ। ਕੋਰੋਨਾ ਵਾਇਰਸ ਨੇ ਭਾਰਤ ਵਿਚ ਆਪਣੇ ਅਸਲੀ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਹਨ। ਪੂਰੇ ਦੇਸ਼ ਵਿਚ ਹੁਣ ਤੱਕ 120 ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ ਕੋਰੋਨਾ ਵਾਇਰਸ ਨਾਲ ਪੀੜਤ ਅੱਜ ਇਕ ਹੋਰ ਵਿਅਕਤੀ ਨੇ ਆਪਣੀ ਜਾਨ ਗਵਾ ਦਿੱਤੀ ਹੈ।
ਕੋਰੋਨਾ ਵਾਇਰਸ ਕਾਰਨ ਭਾਰਤ ਵਿਚ ਮਰਨ ਵਾਲਿਆਂ ਦੀ ਸੰਖਿਆ ਕੁੱਲ 31 ਹੋ ਚੁੱਕੀ ਹੈ। ਪਿਛਲੇ ਦਿਨਾਂ ਵਿਚ ਕਰਨਾਟਕ ਅਤੇ ਬੈਂਗਲੁਰੂ ਵਿਚ ਇਕ-ਇਕ ਮੌਤ ਹੋਈ ਸੀ ਅਤੇ ਅੱਜ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿਚ ਕੋਰੋਨਾ ਵਾਇਰਸ ਨਾਲ ਪੀੜਤ 64 ਸਾਲਾਂ ਬਜ਼ੁਰਗ ਨੇ ਆਪਣੀ ਜਾਨ ਗਵਾ ਦਿੱਤੀ ਹੈ। ਇਸ ਤੋਂ ਇਲਾਵਾ 128 ਲੋਕ ਇਸ ਮਹਾਮਾਰੀ ਨਾਲ ਪੀੜਤ ਹਨ। ਕੋਰੋਨਾ ਵਾਇਰਸ ਭਾਰਤ ਦੇ 15 ਸੂਬਿਆਂ ਵਿਚ ਫੈਲ ਚੁੱਕਿਆ ਹੈ। ਮਹਾਰਾਸ਼ਟਰ ਵਿਚ ਇਸ ਮਹਾਮਾਰੀ ਦੇ ਸੱਭ ਤੋਂ ਜਿਆਦਾ 39 ਮਾਮਲੇ ਸਾਹਮਣੇ ਆਏ ਹਨ ਜਿਸ ਦੇ ਚੱਲਦੇ ਕਈ ਸੂਬਾਂ ਸਰਕਾਰਾਂ ਨੇ 31 ਮਾਰਚ ਤੱਕ ਸਕੂਲ, ਕਾਲਜ, ਸਿਨੇਮਾ ਘਰ, ਜਿੰਮ, ਨਾਈਟ ਕਲੱਬ ਸੱਭ ਬੰਦ ਰੱਖਣ ਦੇ ਹੁਕਮ ਦਿੱਤੇ ਹਨ।
ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ 15 ਅਪ੍ਰੈਲ ਤੱਕ ਸਾਰੇ ਵਿਦੇਸ਼ੀ ਨਾਗਰਿਕਾਂ ਦੀ ਵੀਜ਼ੇ ਪਹਿਲਾਂ ਹੀ ਰੱਦ ਕੀਤੇ ਜਾ ਚੁੱਕੇ ਹਨ ਅਤੇ ਏਅਰਪੋਰਟਾਂ ਉੱਤੇ ਨਿਗਰਾਨੀ ਹੋਰ ਵੀ ਸਖਤ ਕਰ ਦਿੱਤੀ ਗਈ ਹੈ। ਹਰ ਆਉਣ ਜਾਣ ਵਾਲੇ ਵਿਅਕਤੀ ਦੀ ਸਕਰੀਨਿੰਗ ਕੀਤੀ ਜਾ ਰਹੀ ਹੈ। ਹਸਪਤਾਲਾਂ ਵਿਚ ਇਸ ਮਹਾਮਾਰੀ ਦੇ ਮਰੀਜ਼ ਨਾਲ ਨਜਿੱਠਣ ਲਈ ਵੱਖਰੇ ਆਈਸੋਲੇਸ਼ਨ ਵਾਰਡ ਤਿਆਰ ਕੀਤੇ ਗਏ ਹਨ। ਸਰਕਾਰ ਵੀ ਆਮ ਲੋਕਾਂ ਨੂੰ ਇਸ ਵਾਇਰਸ ਸਬੰਧੀ ਅਫਵਾਹਾਂ ਤੋਂ ਬੱਚਣ ਅਤੇ ਸਾਵਧਾਨੀ ਵਰਤਣ ਦੀ ਅਪੀਲ ਕਰ ਰਹੀਆਂ ਹਨ।


