ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਸੀਐਮ ਸਿਟੀ ਪਟਿਆਲਾ ਦੇ ਹਲਕਾ ਸਨੋਰ ਦੇ ਗੁਰਦੁਆਰਾ ਅਕਾਲਗੜ੍ਹ ਸਾਹਿਬ ਤੋਂ ਇਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਦਰਅਸਲ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਦੋ ਧੀਰਾਂ ਵਿਚਾਲੇ ਸ਼ਰੇਆਮ ਤਲਵਾਰਾਂ ਚੱਲੀਆਂ ਅਤੇ ਦਰਬਾਰ ਸਾਹਿਬ ਦੀ ਮਰਿਆਦਾ ਨੂੰ ਭੰਗ ਕੀਤਾ ਗਿਆ।
ਦੱਸਿਆ ਜਾ ਰਿਹਾ ਹੈ ਕਿ ਪੁਰਾਣੀ ਕਮੇਟੀ ਗੁਰਦੁਆਰਾ ਸਾਹਿਬ ਦੀ ਨਵੀਂ ਕਮੇਟੀ ਤੋਂ ਹਿਸਾਂਬ ਲੈ ਰਹੀ ਸੀ ਅਤੇ ਉਦੋਂ ਹੀ ਪੈਸਿਆ ਦੇ ਮਾਮਲੇ ਨੂੰ ਲੈ ਦੋਵਾਂ ਧੀਰਾਂ ਵਿਚਾਲੇ ਬਹਿਸਬਾਜ਼ੀ ਸ਼ੁਰੂ ਹੋ ਗਈ ਅਤੇ ਫਿਰ ਮਾਮਲਾ ਇਕ ਦੂਜੇ ਨੂੰ ਤਲਵਾਰਾਂ ਮਾਰਨ ਤੱਕ ਪਹੁੰਚ ਗਿਆ। ਹੈਰਾਨੀ ਵਾਲੀ ਗੱਲ ਇਹ ਸੀ ਕਿ ਇਹ ਪੂਰੀ ਝੜਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿਚ ਹੋਈ ਅਤੇ ਗੁਰਦੁਆਰਾ ਸਾਹਿਬ ਦੀ ਮਰਿਆਦਾ ਨੂੰ ਭੰਗ ਕੀਤਾ ਗਿਆ। ਇਸ ਦੌਰਾਨ ਕਈ ਲੋਕ ਜਖਮੀ ਹੋ ਗਏ ਜਿਨ੍ਹਾਂ ਨੂੰ ਪਟਿਆਲਾ ਦੇ ਮਹਿੰਦਰਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਝੜਪ ਦੌਰਾਨ ਜਖਮੀ ਹੋਏ ਵਿਅਕਤੀ ਨੇ ਗੁਰਦੁਆਰਾ ਕੇਮਟੀ ਉੱਤੇ ਪੈਸਿਆਂ ਦੇ ਘਪਲੇ ਦਾ ਇਲਜ਼ਾਮ ਲਗਾਇਆ ਹੈ ਅਤੇ ਪ੍ਰਸ਼ਾਸਨ ਤੋਂ ਆਰੋਪੀਆਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਉੱਥੇ ਹੀ ਇਸ ਪੂਰੇ ਮਾਮਲੇ ਉੱਤੇ ਪੁਲਿਸ ਦਾ ਕਹਿਣਾ ਹੈ ਕਿ ਨਵੀਂ ਅਤੇ ਪੁਰਾਣੀ ਕਮੇਟੀ ਵਿਚਾਲੇ ਪੈਸਿਆ ਦੇ ਹਿਸਾਬ-ਕਿਤਾਬ ਨੂੰ ਲੈ ਕੇ ਪੂਰੀ ਘਟਨਾ ਵਾਪਰੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਇਸ ਤਰ੍ਹਾ ਦੀ ਮੰਦਭਾਗੀ ਘਟਨਾ ਵਾਪਰਨਾ ਬੜੇ ਹੀ ਦੁੱਖ ਵਾਲੀ ਗੱਲ ਹੈ। ਹੁਣ ਵੇਖਣਾ ਹੋਵੇਗਾ ਕਿ ਪੁਲਿਸ ਆਰੋਪੀਆਂ ਵਿਰੁੱਧ ਕੀ ਕਾਰਵਾਈ ਕਰਦੀ ਹੈ।


