ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ :ਇਕ ਪਾਸੇ ਜਿੱਥੇ ਅੱਜ ਪੂਰੇ ਦੇਸ਼ ਵਿਚ ਹੋਲੀ ਦਾ ਤਿਉਹਾਰ ਮਨਾਇਆ ਗਿਆ ਉੱਥੇ ਹੀ ਦੂਜੇ ਪਾਸੇ ਖਾਲਸੇ ਦੀ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੀ ਸਮਾਪਤੀ ਹੋਈ। ਇਸ ਦੌਰਾਨ ਇਕ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ‘ਚ ਪੰਜ ਪਿਆਰੇ, ਪੰਜ ਨਿਸ਼ਾਨਚੀ ਸਿੰਘ, ਤਖਤ ਸਾਹਿਬ ਦੇ ਜੱਥੇਦਾਰ ਅਤੇ ਸਮੂਰ ਸਿੱਖ ਸੰਗਤ ਸ਼ਾਮਲ ਹੋਈ।
ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਲੇ ਮਹੱਲੇ ਦੇ ਸ਼ੁਰੂਆਤ 7 ਮਾਰਚ ਨੂੰ ਅਖੰਡ ਪਾਠ ਸਾਹਿਬ ਦੀ ਅਰੰਭਤਾ ਨਾਲ ਹੋਈ ਸੀ ਜਿਸ ਤੋਂ ਬਾਅਦ ਅੱਜ ਭੋਗ ਪਾਏ ਗਏ ਅਤੇ ਇਕ ਮਹਾਨ ਨਗਰ ਕੀਰਤਨ ਕੱਢਿਆ ਗਿਆ। ਹੋਲੇ ਮਹੱਲੇ ਦੇ ਆਖਰੀ ਦਿਨ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਸੱਭ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕੀਤਾ ਦਰਅਸਲ ਨਿਹੰਗ ਸਿੰਘ ਜੱਥੇਬੰਦੀਆਂ ਵੱਲੋਂ ਮਹੱਲਾ ਕੱਢਿਆ ਗਿਆ ਜਿਸ ਦੌਰਾਨ ਨੇ ਉਨ੍ਹਾਂ ਨੇ ਘੋੜ ਸਵਾਰੀ ਅਤੇ ਸਸ਼ਤਰ ਕਲਾ ਦੇ ਕਰਤੱਬ ਵਿਖਾਏ। ਚਰਨਗੰਗਾ ਸਟੇਡੀਅਮ ਵਿਚ ਨਿਹੰਗ ਸਿੰਘਾਂ ਵੱਲੋਂ ਘੋੜੇ ਦੀ ਦੋੜ ਦੇ ਕਰਤਬ, ਗਤਕਾਬਾਜੀ, ਨੇਜੇ-ਬਾਜੀ, ਤੀਰ ਬਾਜੀ ਅਤੇ ਕਈ ਪ੍ਰਕਾਰ ਦੇ ਜੋਹਰ ਵਿਖਾਏ ਗਏ।
ਸਿੱਖ ਸੰਗਤ ਵੱਡੀ ਗਿਣਤੀ ਵਿਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੀ ਜਿਨ੍ਹਾਂ ਦੀ ਸਹੂਲਤ ਥਾਂ-ਥਾਂ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ। ਐਸਜੀਪੀਸੀ ਅਤੇ ਪ੍ਰਸ਼ਾਸਨ ਨੇ ਸ਼ਰਧਾਲੂਆਂ ਦੇ ਲਈ ਪੱਕੇ ਪ੍ਰਬੰਧ ਕੀਤੇ ਸਨ ਅਤੇ ਸੁਰੱਖਿਆ ਵਿਵਸਥਾ ਵੀ ਸਖਤ ਕੀਤੀ ਗਈ ਸੀ ਜਿਸ ਲਈ 2700 ਦੇ ਲਗਭਗ ਪੰਜਾਬ ਪੁਲਿਸ ਦੇ ਜਵਾਨ ਤਾਇਨਾਤ ਸਨ ਤਾਂ ਜੋ ਕਈ ਅਣਸੁਖਾਵੀ ਘਟਨਾ ਨਾ ਵਾਪਰੇ। ਇਸ ਪਵਿੱਤਰ ਮੌਕੇ ਉੱਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਸਮੇਤ ਆਸ-ਪਾਸ ਦੇ ਸਾਰੇ ਗੁਰੂਧਾਮਾਂ ਨੂੰ ਫੁੱਲਾਂ ਨਾਲ ਸਜਾਇਆ ਗਿਆ ਸੀ। ਸੰਗਤ ਵਿਚ ਇਸ ਤਿਉਹਾਰ ਦਾ ਕਾਫੀ ਚਾਅ ਪਾਇਆ ਗਿਆ। ਸ਼ਰਧਾਲੂ ਨੇ ਲੰਬੀ-ਲੰਬੀ ਲਾਇਨਾਂ ਵਿਚ ਲੱਗ ਕੇ ਮੱਥਾ ਟੇਕਿਆ ਅਤੇ ਲੰਗਰ ਛਕਿਆ। ਹਾਲਾਂਕਿ ਹੋਲੇ ਮਹੱਲੇ ਦੀ ਸਮਾਪਤੀ ਤੋਂ ਬਾਅਦ ਵੱਡੀ ਗਿਣਤੀ ਵਿਚ ਸੰਗਤ ਹੋਣ ਕਰਕੇ ਸੜਕਾਂ ਉੱਤੇ ਜਾਮ ਦਾ ਵੀ ਸਾਹਮਣਾ ਕਰਨਾ ਪਿਆ ਪਰ ਫਿਰ ਵੀ ਸ਼ਰਧਾਲੂਆਂ ਦੇ ਮਨ ਵਿਚ ਕੋਈ ਸ਼ਿਕਾਇਤ ਨਹੀਂ ਸੀ ਅਤੇ ਹੋਲੇ-ਮਹੱਲ ਦੀ ਸਮਾਪਤੀ ਬੜੀ ਹੀ ਧੂਮ-ਧਾਮ ਨਾਲ ਹੋਈ।


