ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ਦੀ ਦਿਹਾਤੀ ਥਾਣਾ ਪੁਲਿਸ ਨੇ ਚਾਰ ਪਿਸਤੌਲ, ਇੱਕ ਰਿਵਾਲਵਰ, 48 ਜਿੰਦਾ ਕਾਰਤੂਸ ਅਤੇ ਦੋ ਵਾਹਨ ਸਣੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਐਸਐਸਪੀ ਦਿਹਾਤੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ, ਇਨ੍ਹਾਂ ਤਿੰਨਾਂ ‘ਤੇ ਪਿਛਲੇ ਸਮੇਂ ਲੁੱਟ-ਖੋਹ ਅਤੇ ਕਤਲ਼ ਦੇ ਅਪਰਾਧਿਕ ਕੇਸ ਦਰਜ ਹਨ।
ਜਲੰਧਰ ਦੀ ਦਿਹਾਤੀ ਪੁਲਿਸ ਨੇ ਤਿੰਨ ਲੋਕਾਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਪ੍ਰੈਸ ਕਾਨਫਰੰਸ ਵਿੱਚ ਐਸਐਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ, ਸੀਆਈਏ ਸਟਾਫ ਦੇ ਇੰਚਾਰਜ ਸ਼ਿਵ ਕੁਮਾਰ ਦੀ ਦਿੱਤੀ ਸੂਚਨਾ ਦੇ ਅਧਾਰ ’ਤੇ ਲੇਸਾੜੀਵਾਲ ਪਿੰਡ ਨੇੜੇ ਇਨ੍ਹਾਂ ਆਰੋਪਿਆਂ ਨੂੰ ਕਾਬੂ ਕਰਨ ਲਈ ਨਾਕਾਬੰਦੀ ਕੀਤੀ ਹੋਈ ਸੀ। ਉਨ੍ਹਾਂ ਕਿਹਾ ਕਿ, ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਸੀ ਕਿ, ਕੁਝ ਵਿਅਕਤੀ ਕਿਸੇ ਗਲਤ ਹਰਕਤ ਨੂੰ ਅੰਜਾਮ ਦੇਣ ਦੀ ਫਿਰਾਕ ‘ਚ ਹਨ।
ਜਿਸ ਤੋਂ ਬਾਅਦ ਨਾਕਾਬੰਦੀ ਕਰ ਪੁਲਿਸ ਨੇ ਜਦੋਂ ਹਰੇਕ ਆਉਂਦੀ ਜਾਉਂਦੀ ਗੱਡੀ ਦੀ ਤਲਾਸ਼ੀ ਲੈਣੀ ਸ਼ੁਰੂ ਕੀਤੀ ਤਾਂ ਇੱਕ ਗੱਡੀ ‘ਚ ਤਿੰਨ ਸ਼ੱਕੀ ਵਿਅਕਤੀ ਪ੍ਰਦੀਪ ਸ਼ਰਮਾ, ਗੋਪਾਲ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਹਥਿਆਰਾਂ ਸਣੇ ਕਾਬੂ ਕੀਤਾ ਗਿਆ, ਜਿਨ੍ਹਾਂ ‘ਤੇ ਅਲਾਵਲਪੁਰ ਥਾਣੇ ਵਿੱਚ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ, ਐਸਐਸਪੀ ਨੇ ਦੱਸਿਆ ਕਿ, ਤਿੰਨੋਂ ਪਹਿਲਾਂ ਵੀ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਰਹੇ ਹਨ। ਇੱਕ ਆਰੋਪੀ ਪ੍ਰਦੀਪ ਸ਼ਰਮਾ ‘ਤੇ ਕਤਲ਼ ਦਾ ਮਾਮਲਾ ਦਰਜ ਹੈ। ਇਸ ਤੋਂ ਇਲਾਵਾਂ ਪ੍ਰਦੀਪ ਸ਼ਰਮਾ ਖਿਲਾਫ 11 ਹੋਰ ਅਪਰਾਧਿਕ ਮਾਮਲੇ ਦਰਜ ਹਨ ਅਤੇ ਗੋਪਾਲ ਸਿੰਘ ਤੇ ਜਸਵਿੰਦਰ ਸਿੰਘ ‘ਤੇ 3-3 ਅਪਰਾਧਿਕ ਮਾਮਲੇ ਦਰਜ ਹਨ।
ਐਸਐਸਪੀ ਨੇ ਦੱਸਿਆ ਕਿ, ਫੜੇ ਗਏ ਮੁਲਜ਼ਮਾਂ ਵਿਚੋਂ ਇੱਕ ਗੋਪਾਲ ਸਿੰਘ ਅਤੇ ਜਸਵਿੰਦਰ ਸਿੰਘ ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਆਏ ਸਨ ਪਰ ਉਹ ਮੁੜ ਵਾਪਸ ਨਹੀਂ ਆਏ ਅਤੇ ਕਿਸੇ ਹੋਰ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ‘ਚ ਸਨ ਪਰ ਬਦਕਿਸਮਤੀ ਨਾਲ ਪੁਲਿਸ ਦੇ ਹੱਥੇ ਚੜ੍ਹ ਗਏ। ਬਹਿਰਹਾਲ ਪੁਲਿਸ ਇਨ੍ਹਾਂ ਨੂੰ ਹਿਰਾਸਤ ‘ਚ ਲੈ ਕੇ ਇਨ੍ਹਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।


