ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਵਾਇਰਸ ਦੇ ਮਾਮਲੇ ਭਾਰਤ ਵਿਚ ਹੋਲੀ-ਹੋਲੀ ਵੱਧ ਰਹੇ ਹਨ। ਅੱਜ ਦੋ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਣ ਨਾਲ ਇਨ੍ਹਾਂ ਦੀ ਕੁੱਲ ਸੰਖਿਆ 33 ਹੋ ਚੁੱਕੀ ਹੈ ਜਿਸ ਦੇ ਚਲਦਿਆਂ ਸਰਕਾਰ ਵੀ ਸਤਰਕ ਦਿਖਾਈ ਦੇ ਰਹੀ ਹੈ। ਕੋਰੋਨਾ ਵਾਇਰਸ ਦੇ ਖੋਫ ਨੂੰ ਵੇਖਦੇ ਅਤੇ ਇਸ ਨੂੰ ਅੱਗੇ ਵੱਧਣ ਤੋਂ ਰੋਕਣ ਲਈ ਹੁਣ ਅਟਾਰੀ ਵਾਘਾ ਸਰਹੱਦ ਉੱਤੇ ਆਮ ਲੋਕਾਂ ਦੇ ਵਾਸਤੇ ਰਿਟ੍ਰਿਟ ਸੈਰੇਮਨੀ ਵੇਖਣ ਉੱਤੇ ਰੋਕ ਲਗਾ ਦਿੱਤੀ ਹੈ।
ਦਰਅਸਲ ਵਾਘਾ-ਅਟਾਰੀ ਸਰਹੱਦ ਉੱਤੇ ਇਸ ਪਰੇਡ ਨੂੰ ਵੇਖਣ ਲਈ ਹਜਾਰਾਂ ਲੋਕ ਇੱਕਠੇ ਹੁੰਦੇ ਹਨ ਜਿਸ ਕਰਕੇ ਕੋਰੋਨਾ ਵਾਇਰਸ ਦੇ ਫੈਲਣ ਦਾ ਡਰ ਹੈ ਅਤੇ ਇਸੇ ਨੂੰ ਧਿਆਨ ਵਿਚ ਰੱਖਦੇ ਹੋਏ ਸਰਕਾਰ ਦੁਆਰਾ ਇਸ ਪਰੇਡ ਨੂੰ ਵੇਖਣ ਲਈ ਆਉਣ ਵਾਲੇ ਆਮ ਲੋਕਾਂ ਉੱਤੇ ਪਾਬੰਦੀ ਲਗਾ ਦਿੱਤਾ ਹੈ ਜਿਸ ਕਰਕੇ ਇਹ ਲੋਕ ਬੀਐਸਐਫ ਦੇ ਜਵਾਨਾਂ ਦੁਆਰਾ ਕੀਤੀ ਜਾਂਦੀ ਇਸ ਪਰੇਡ ਨੂੰ ਨਹੀਂ ਵੇਖ ਸਕਣਗੇ ਪਰ ਬੀਐਸਐਫ ਦੇ ਜਵਾਨ ਇਹ ਪਰੇਡ ਰੋਜ਼ਾਨਾ ਦੀ ਤਰ੍ਹਾ ਜਾਰੀ ਰੱਖਣਗੇ ਅਤੇ ਝੰਡਾ ਉਤਾਰਨ ਦੀ ਰਸਮ ਹਰ ਦਿਨ ਦੀ ਤਰ੍ਹਾ ਵਾਂਗ ਹੀ ਜਾਰੀ ਰਹੇਗੀ।
ਵਾਹਘਾ ਅਟਾਰੀ ਸਰਹੱਦ ਉੱਤੇ ਰਿਟ੍ਰੀਟ ਸੈਰੇਮਨੀ ਨੂੰ ਦੇਸ਼ ਭਰ ਤੋਂ ਲੋਕ ਵੇਖਣ ਪਹੁੰਚਦੇ ਹਨ ਪਰ ਪ੍ਰਸ਼ਾਸਨ ਦੁਆਰਾ ਇਕ ਦਮ ਇਸ ਨੂੰ ਵੇਖਣ ਉੱਕੇ ਰੋਕ ਲਗਾਏ ਜਾਣ ਤੋਂ ਬਾਅਦ ਉੱਥੇ ਪਹੁੰਚ ਰਹੇ ਲੋਕਾਂ ਵਿਚ ਵੀ ਨਿਰਾਸ਼ਾ ਪਾਈ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਆਦੇਸ਼ ਦੀ ਸੂਚਨਾ ਸਰਕਾਰ ਨੂੰ ਕੁੱਝ ਦਿਨ ਪਹਿਲਾਂ ਜਾਰੀ ਕਰਨੀ ਚਾਹੀਦੀ ਸੀ ਤਾਂ ਜੋ ਉਹ ਹੁਣ ਪਰੇਸ਼ਾਨ ਨਾ ਹੁੰਦੇ। ਲੋਕਾਂ ਮੁਤਾਬਕ ਉਹ ਬੜੀ ਦੂਰ ਤੋਂ ਇਸ ਰਿਟ੍ਰਿਟ ਸੈਰੇਮਨੀ ਨੂੰ ਵੇਖਣ ਆਏ ਸਨ ਪਰ ਪ੍ਰਸ਼ਾਸਨ ਦੁਆਰਾ ਅੱਗੇ ਜਾਣ ਦੀ ਇਜ਼ਾਜਤ ਨਾ ਦੇਣ ਕਰਕੇ ਉਹ ਨਾਖੁਸ਼ ਹਨ।
ਦੱਸ ਦਈਏ ਕਿ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆਂ ਦੇ ਕਈ ਦੇਸ਼ਾਂ ਵਿਚ ਫੈਲ ਚੁੱਕਿਆ ਹੈ ਅਤੇ ਇਹ ਹੁਣ ਭਾਰਤ ਵਿਚ ਵੀ ਆਪਣੇ ਰੰਗ ਵਿਖਾ ਰਿਹਾ ਹੈ ਜਿਸ ਦੇ ਚੱਲਦੇ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ।


