ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਦੇ ਕਈ ਦੇਸ਼ਾਂ ਵਿਚ ਫੈਲ ਚੁੱਕਿਆ ਹੈ। ਕੋਰੋਨਾ ਵਾਇਰਸ ਨੇ ਹੁਣ ਭਾਰਤ ਵਿਚ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਭਾਰਤ ਵਿਚ ਕੋਰੋਨਾ ਵਾਇਰਸ ਦੇ ਦੋ ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਕਰਕੇ ਇਸ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 31 ਤੋਂ ਵੱਧ ਕੇ 33 ਹੋ ਗਈ ਹੈ।
ਦਰਅਸਲ ਇਸ ਵਾਰ ਕੋਰੋਨਾ ਵਾਇਰਸ ਦਾ ਨੇ ਪੰਜਾਬ ਵਿਚ ਦਸਤਕ ਦੇ ਦਿੱਤੀ ਹੈ। ਇਟਲੀ ਤੋਂ ਆਏ ਦੋ ਨਾਗਰਿਕਾਂ ਵਿਚ ਕੋਰੋਨਾ ਵਾਇਰਸ ਦੀ ਲਾਗ ਪਾਈ ਗਈ ਹੈ ਅਤੇ ਇਨ੍ਹਾਂ ਮਰੀਜ਼ਾਂ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਦੋਵਾਂ ਦੇ ਸੈਂਪਲ ਜਾਂਚ ਲਈ ਦਿੱਲੀ ਭੇਜੇ ਗਏ ਸਨ ਜੋ ਕਿ ਪਾਜ਼ੀਟਿਵ ਪਾਏ ਗਏ ਹਨ। ਖੈਰ ਇਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਵੀ ਕੋਰੋਨਾ ਵਾਇਰਸ ਨੂੰ ਲੈ ਕੇ ਐਡਵਾਇਜ਼ਰੀ ਜਾਰੀ ਕਰ ਦਿੱਤੀ ਹੈ। ਵਿਦੇਸ਼ ਤੋਂ ਆਏ ਨਾਗਿਰਕਾਂ ਨੂੰ ਦੋ ਹਫ਼ਤੇ ਘਰ ਰਹਿਣ ਦੇ ਹੁਕਮ ਦਿੱਤੇ ਗਏ ਹਨ। ਸਰਕਾਰ ਨੇ ਕਿਸੇ ਵੀ ਮੁਲਾਜ਼ਮ ਨੂੰ ਵਿਦੇਸ਼ ਜਾਣ ਲਈ ਛੁੱਟੀ ਦੇਣ ਉੱਤੇ ਰੋਕ ਲਗਾ ਦਿੱਤੀ ਹੈ।
ਪੂਰੇ ਦੇਸ਼ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੋਇਆ ਹੈ। ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਧਨ ਨੇ ਦੇਸ਼ ਦੇ ਸਾਰੇ ਹਸਪਤਾਲਾਂ ਨੂੰ ਅਜਿਹੇ ਮਰੀਜ਼ਾਂ ਦੇ ਨਾਲ ਨਜਿੱਠਣ ਵਾਸਤੇ ਹਰ ਵੇਲੇ ਚੌਕਸ ਰਹਿਣ ਦੇ ਹੁਕਮ ਦਿੱਤੇ ਹਨ। ਦੱਸ ਦਈਏ ਕਿ ਭਾਰਤ ਵਿਚ ਸੱਭ ਤੋਂ ਪਹਿਲਾਂ ਕੋਰੋਨਾ ਵਾਇਰਸ ਕੇਰਲਾ ਦੇ ਤਿੰਨ ਮਰੀਜ਼ਾਂ ਵਿਚ ਪਾਇਆ ਗਿਆ ਸੀ ਜੋ ਕਿ ਇਲਾਜ ਤੋਂ ਬਾਅਦ ਪੂਰੀ ਤਰ੍ਹਾ ਠੀਕ ਹੋ ਗਏ ਸਨ ਪਰ ਹੁਣ ਬੀਤੇ ਕੁੱਝ ਦਿਨਾਂ ਤੋਂ ਇਸ ਮਹਾਮਾਰੀ ਦੇ ਕੇਸਾਂ ਵਿਚ ਹੋਲੀ-ਹੋਲੀ ਵਾਧਾ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੀ ਸ਼ੁਰੂਆਤ ਚੀਨ ਦੇ ਹੁਬੇਈ ਪ੍ਰਾਂਤ ਦੀ ਰਾਜਧਾਨੀ ਵੁਹਾਨ ਵਿਚ ਹੋਈ ਸੀ ਜਿਸ ਤੋਂ ਬਾਅਦ ਇਸ ਨੇ ਚੀਨ ਸਮੇਤ ਕਈ ਦੇਸ਼ਾਂ ਵਿਚ ਆਪਣੇ ਪੈਰ ਪਸਾਰ ਲਏ ਹਨ।


