ਇਹ ਨੌਜਵਾਨ ਮੁੜ ਨਹੀਂ ਕਰਨਗੇ ਵਿਦੇਸ਼ ਵੱਲ ਨੂੰ ਮੂੰਹ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅਕਸਰ ਹੀ ਵੇਖਣ ਵਿਚ ਆਉਂਦਾ ਹੈ ਕਿ ਵਧੀਆ ਰੋਜ਼ਗਾਰ ਅਤੇ ਚੰਗਾ ਭਵਿੱਖ ਬਨਾਉਣ ਦੇ ਸੁਪਨੇ ਲੈ ਕੇ ਨੌਜਵਾਨ ਵਿਦੇਸ਼ਾਂ ਵੱਲ ਨੂੰ ਮੂੰਹ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅਕਸਰ ਹੀ ਵੇਖਣ ਵਿਚ ਆਉਂਦਾ ਹੈ ਕਿ ਵਧੀਆ ਰੋਜ਼ਗਾਰ ਅਤੇ ਚੰਗਾ ਭਵਿੱਖ ਬਨਾਉਣ ਦੇ ਸੁਪਨੇ ਲੈ ਕੇ ਨੌਜਵਾਨ ਵਿਦੇਸ਼ਾਂ ਵੱਲ ਨੂੰ ਮੂੰਹ ਕਰਦੇ ਹਨ ਪਰ ਕਈ ਵਾਰ ਨਕਲੀ ਟਰੈਵਲ ਏਜੰਟਾਂ ਦੇ ਧੱਕੇ ਚੜਨ ਜਾਂ ਫਿਰ ਵਿਦੇਸ਼ਾਂ ਵਿਚ ਕੰਪਨੀਆਂ ਦੁਆਰਾ ਧੋਖਾ ਦੇਣ ਕਰਕੇ ਉਹ ਉੱਥੇ ਫਸ ਜਾਂਦੇ ਹਨ ਅਤੇ ਉਨ੍ਹਾਂ ਕੋਲ ਵਾਪਸ ਦੇਸ਼ ਆਉਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਬਚਦਾ ਹੈ। ਅਜਿਹਾ ਹੀ ਇਕ ਮਾਮਲਾ ਮੁੜ ਤੋਂ ਸਾਹਮਣੇ ਆਇਆ ਹੈ।

ਦਰਅਸਲ ਵਧੀਆ ਰੋਜ਼ਗਾਰ ਦੀ ਤਲਾਸ਼ ਵਿਚ ਬੀਤੀ 10 ਫਰਵਰੀ ਨੂੰ ਪੰਜ ਨੌਜਵਾਨ ਦੁਬਈ ਗਏ ਸਨ ਪਰ 11 ਫਰਵਰੀ ਨੂੰ ਉਨ੍ਹਾਂ ਨੂੰ ਪਤਾ ਲੱਗਿਆ ਕਿ ਜਿਹੜੀ ਕੰਪਨੀ ਵਿਚ ਉਨ੍ਹਾਂ ਨੇ ਨੌਕਰੀ ਕਰਕੇ ਦੋ ਪੈਸੇ ਕਮਾਉਣੇ ਹਨ ਉਹ ਬਲੈਕਲਿਸਟ ਹੋ ਚੁੱਕੀ ਹੈ ਅਤੇ ਕੰਪਨੀ ਦਾ ਮਾਲਕ ਇਕ ਪਾਕਿਸਤਾਨੀ ਹੈ ਜਿਸ ਤੋਂ ਬਾਅਦ ਵੱਡੇ-ਵੱਡੇ ਸੁਪਨੇ ਸਜਾਏ ਸਾਰੇ ਨੌਜਵਾਨ ਸੜਕਾਂ ਉੱਤੇ ਆ ਗਏ। ਇਸ ਤੋਂ ਬਾਅਦ ਉਨ੍ਹਾਂ ਨੂੰ ਕਿਧਰੇ ਵੀ ਰਿਹਾਇਸ਼ ਨਹੀਂ ਮਿਲੀ ਜਿਸ ਕਰਕੇ ਉਨ੍ਹਾਂ ਨੇ ਉੱਥੇ ਗੁਰਦੁਆਰਾ ਸਾਹਿਬ ਦਾ ਰੁਖ ਕੀਤਾ ਪਰ ਇਕ ਰਾਤ ਉੱਥੇ ਠਹਿਰਣ ਤੋਂ ਬਾਅਦ ਹੀ ਉਨ੍ਹਾਂ ਨੂੰ ਉੱਥੋ ਜਾਣ ਲਈ ਕਹਿ ਦਿੱਤਾ ਗਿਆ ਪਰ ਉੱਥੇ ਮੌਜੂਦ ਇਕ ਵਿਅਕਤੀ ਨੇ ਮਦਦ ਲਈ ਨੌਜਵਾਨਾਂ ਨੂੰ ਸਰਬੱਤ ਦਾ ਭਲਾ ਟਰੱਸਟ ਦੇ ਮੁੱਖੀ ਐਸਪੀ ਸਿੰਘ ਓਬਾਰਾਏ ਦਾ ਨੰਬਰ ਦੇ ਦਿੱਤਾ ਜਿਸ ਤੋਂ ਬਾਅਦ ਉਨ੍ਹਾਂ ਨੇ ਐਸਪੀ ਓਬਾਰਾਏ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਦੀ ਮਦਦ ਰਾਹੀਂ ਅੱਜ ਸ੍ਰੀ ਗੁਰੂ ਰਾਮਦਾਸ ਏਅਰਪੋਰਟ ਉੱਤੇ ਵਾਪਸ ਆਪਣੇ ਦੇਸ਼ ਪਰਤੇ ਹਨ ਵਾਪਸ ਪਰਤੇ ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਵਧੀਆ ਰੋਜਗਾਰ ਦੀ ਤਲਾਸ਼ ਲਈ ਦੁਬਈ ਗਏ ਸਨ ਪਰ ਕੰਪਨੀ ਦੇ ਧੋਖੇ ਕਾਰਨ ਉਹ ਉੱਥੇ ਫਸ ਗਏ ਅਤੇ ਐਸਪੀ ਓਬਾਰਾਏ ਦੀ ਮਦਦ ਨਾਲ ਉਹ ਵਾਪਸ ਦੇਸ਼ ਆਏ ਹਨ।

ਇਸ ਮੌਕੇ ਉੱਤੇ ਟਰੱਸਟ ਦੇ ਮੈਂਬਰ ਸੁਖਦੀਪ ਸੰਧੂ ਨੇ ਦੱਸਿਆ ਕਿ ਇਹ ਸਾਰੇ ਨੌਜਵਾਨ ਦੇਸ਼ ਦੇ ਵੱਖ-ਵੱਖ ਸੂਬਿਆਂ ਨਾਲ ਸਬੰਧ ਰੱਖਦੇ ਹਨ ਜੋ ਕਿ ਵਧੀਆ ਰੌਜ਼ਗਾਰ ਲਈ ਦੁਬਈ ਗਏ ਸਨ ਪਰ ਕੰਪਨੀ ਦੇ ਬਲੈਕਲਿਸਟ ਹੋਣ ਕਰਕੇ ਇਹ ਉੱਥੇ ਫਸ ਗਏ ਜਿਸ ਤੋਂ ਬਾਅਦ ਨੌਜਵਾਨਾਂ ਨੇ ਐਸਪੀ ਓਬਾਰਾਏ ਨਾਲ ਸੰਪਰਕ ਕੀਤਾ। ਸੰਧੂ ਨੇ ਅੱਗੇ ਦੱਸਿਆ ਕਿ ਐਸਪੀ ਓਬਰਾਏ ਨੇ ਇਨ੍ਹਾਂ ਸਾਰੇ ਨੌਜਵਾਨਾਂ ਨੂੰ ਆਪਣੇ ਕੋਲ ਰੱਖਿਆ ਅਤੇ ਕਾਗਜ਼ੀ ਕਾਰਵਾਈ ਤੋਂ ਬਾਅਦ ਵਾਪਸ ਭਾਰਤ ਭੇਜਣ ਵਿਚ ਮਦਦ ਕੀਤੀ ਹੈ।

ਦੱਸ ਦਈਏ ਕਿ ਵਿਦੇਸ਼ਾਂ ਵਿਚ ਨੌਜਵਾਨਾਂ ਦੇ ਇਸ ਤਰ੍ਹਾ ਨਾਲ ਫਸਨ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਅਜਿਹੇ ਮਾਮਲੇ ਪਹਿਲਾਂ ਵੀ ਸਾਹਮਣੇ ਆਉਂਦੇ ਰਹੇ ਹਨ। ਲੋੜ ਹੈ ਦੇਸ਼ ਵਿਚ ਰੌਜਗਾਰ ਦੇ ਸਾਧਨ ਪੈਦਾ ਕਰਨ ਅਤੇ ਨਕਲੀ ਟਰੈਵਲ ਏਜੰਟਾਂ ਉੱਤੇ ਕਾਬੂ ਪਾਉਣ ਦੀ ਤਾਂ ਜੋ ਨੌਜਵਾਨਾਂ ਨੂੰ ਵਿਦੇਸ਼ਾਂ ਵਿਚ ਜਾ ਕੇ ਇਸ ਤਰ੍ਹਾ ਧੋਖੇ ਦਾ ਸ਼ਿਕਾਰ ਨਾ ਹੋਣ ਪਵੇ।

Leave a Reply

Your email address will not be published. Required fields are marked *