ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦਿੱਲੀ ਹਿੰਸਾ ਦੌਰਾਨ ਸ਼ਰੇਆਮ ਪਿਸਤੌਲ ਲਹਿਰਾ ਕੇ ਫਾਇਰਿੰਗ ਕਰਨ ਵਾਲੇ ਆਰੋਪੀ ਸ਼ਾਹਰੁਖ ਨੂੰ ਅੱਜ ਦਿੱਲੀ ਪੁਲਿਸ ਦੀ ਕ੍ਰਾਇਮ ਬ੍ਰਾਂਚ ਨੇ ਬਰੇਲੀ ਦੇ ਸ਼ਾਮਲੀ ਤੋਂ ਗਿਰਫਤਾਰ ਕਰ ਲਿਆ ਸੀ ਜਿਸ ਬਾਰੇ ਜਾਣਕਾਰੀ ਦਿੰਦਿਆ ਕ੍ਰਾਇਮ ਬ੍ਰਾਂਚ ਦੇ ਐਡੀਸ਼ਨਲ ਸੀਪੀ ਅਜਿਤ ਸਿੰਗਲਾ ਨੇ ਦੱਸਿਆ ਹੈ ਕਿ ਆਰੋਪੀ ਸ਼ਾਹਰੁਖ ਨੇ ਖੁਲਾਸਾ ਕੀਤਾ ਹੈ ਕਿ ਉਸ ਨੇ ਗੁੱਸੇ ਵਿਚ ਆ ਕੇ ਫਾਇਰਿੰਗ ਕੀਤੀ ਸੀ। ਸੀਪੀ ਅਨੁਸਾਰ ਸ਼ਾਹਰੁਖ ਨੂੰ ਭਲਕੇ ਕੋਰਟ ਵਿਚ ਪੇਸ਼ ਕਰਕੇ ਵੱਧ ਤੋਂ ਵੱਧ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
Ajit Kumar Singla, Additional Commissioner of Police: We're trying to recover the pistol he used. Shahrukh said he fired during protests in a fit of rage. He has no criminal background but his father has a narcotics & fake currency case against him. Further investigation underway https://t.co/ON2IxwPDCI pic.twitter.com/11lEUJTr0N
— ANI (@ANI) March 3, 2020
ਸੀਪੀ ਅਜਿਤ ਸਿੰਗਲਾ ਨੇ ਦੱਸਿਆ ਹੈ ਕਿ ਪੁਲਿਸ ਸਾਹਰੁਖ ਦੁਆਰਾ ਵਰਤੀ ਗਈ ਪਿਸਤੌਲ ਬਰਾਮਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸਿੰਗਲਾ ਅਨੁਸਾਰ ਸ਼ਾਹਰੁਖ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੇ ਗੁੱਸੇ ਦੇ ਵਿਚ ਵਿਰੋਧ ਪ੍ਰਦਰਸ਼ਨ ਦੌਰਾਨ ਗੋਲੀਬਾਰੀ ਕੀਤੀ ਸੀ। ਕ੍ਰਾਇਮ ਬ੍ਰਾਂਚ ਅਨੁਸਾਰ ਉਸ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ ਪਰ ਉਸ ਦੇ ਪਿਤਾ ਵਿਰੁੱਧ ਨਸ਼ੀਲੇ ਪਦਾਰਥ ਅਤੇ ਨਕਲੀ ਕਰੰਸੀ ਰੱਖਣ ਦਾ ਮਾਮਲਾ ਦਰਜ ਹੈ ਅਤੇ ਅੱਗੇ ਦੀ ਜਾਂਚ ਚੱਲ ਰਹੀ ਹੈ।
ਅਜੀਤ ਸਿੰਗਲਾ ਨੇ ਦੱਸਿਆ ਕਿ ਸ਼ਾਹਰੁਖ ਉੱਤੇ ਆਈਪੀਸੀ ਦੀ ਧਾਰਾ 307(ਹੱਤਿਆ ਕਰਨ ਦੀ ਕੋਸ਼ਿਸ਼),186,353 ਅਤੇ ਆਰਮਜ਼ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਜਰੂਰਤ ਪੈਣ ਤੇ ਜਾਂਚ ਦੌਰਾਨ ਹੋਰ ਵੀ ਧਾਰਾਵਾਂ ਜੋੜੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਅਸੀ ਆਰੋਪੀ ਸ਼ਾਹਰੁਖ ਦਾ ਵੱਧ ਤੋਂ ਵੱਧ ਸੰਭਵ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੇ। ਕ੍ਰਾਇਮ ਬ੍ਰਾਂਚ ਨੇ ਮੁਤਾਬਕ ਦਿੱਲੀ ਹਿੰਸਾ ਦੌਰਾਨ ਫਾਇਰਿੰਗ ਦੀ ਘਟਨਾ ਤੋਂ ਬਾਅਦ ਸ਼ਾਹਰੁਖ ਪਹਿਲਾਂ ਦਿੱਲੀ ਵਿਚ ਹੀ ਰਿਹਾ ਫਿਰ ਉਹ ਪੰਜਾਬ ਗਿਆ ਅਤੇ ਬਾਅਦ ਵਿਚ ਪੰਜਾਬ ਤੋਂ ਬਰੇਲੀ ਦੇ ਸ਼ਾਮਲੀ ਪਹੁੰਚ ਗਿਆ। ਖੈਰ ਹੁਣ ਵੇਖਣਾ ਹੋਵੇਗਾ ਕਿ ਪੁਲਿਸ ਸ਼ਾਹਰੁਖ ਦਾ ਰਿਮਾਂਡ ਲੈ ਕੇ ਕੀ-ਕੀ ਖੁਲਾਸੇ ਕਰਨ ਵਿਚ ਕਾਮਯਾਬ ਰਹਿੰਦੀ ਹੈ।
ਦੱਸ ਦਈਏ ਕਿ ਉੱਤਰ-ਪੂਰਬੀ ਦਿੱਲੀ ਵਿਚ ਸੀਏਏ ਦੇ ਵਿਰੋਧ ਅਤੇ ਸਮੱਰਥਨ ਵਿਚ ਪ੍ਰਦਰਸ਼ਨ ਕਰ ਰਹੇ ਗੁੱਟਾਂ ਵਿਚਾਲੇ ਹਿੰਸਕ ਝੜਪ ਹੋ ਗਈ ਸੀ। ਇਸ ਹਿੰਸਾ ਵਿਚ 40 ਤੋਂ ਵੱਧ ਲੋਕਾਂ ਨੇ ਆਪਣੀ ਜਾਨ ਗਵਾ ਲਈ ਸੀ ਅਤੇ 250 ਤੋਂ ਵੱਧ ਲੋਕ ਜਖਮੀ ਹੋ ਗਏ ਸਨ। ਹਿੰਸਾ ਕਰਨ ਵਾਲਿਆਂ ਨੇ ਇੱਥੇ ਲੋਕਾਂ ਦੀਆਂ ਦੁਕਾਨਾਂ, ਘਰਾਂ ਅਤੇ ਵਾਹਨਾਂ ਨੂੰ ਅੱਗ ਦੇ ਹਵਾਲੇ ਕਰਕੇ ਰਾਖ ਕਰ ਦਿੱਤਾ ਸੀ। ਹਿੰਸਾ ਵਿਚ ਦਿੱਲੀ ਪੁਲਿਸ ਦਾ ਇਕ ਜਵਾਨ ਸ਼ਹੀਦ ਹੋ ਗਿਆ ਸੀ ਜਦਕਿ ਕਈ ਜਵਾਨ ਜਖਮੀ ਹੋ ਗਏ ਸਨ। ਹਿੰਸਾ ਵੇਲੇ ਆਈ.ਬੀ ਦੇ ਇਕ ਕਰਮਚਾਰੀ ਦੀ ਲਾਸ਼ ਵੀ ਬਰਾਮਦ ਹੋਈ ਸੀ ਜਿਸ ਨੂੰ ਚਾਕੂਆਂ ਦੇ ਨਾਲ ਬੁਰੀ ਤਰ੍ਹਾ ਮਾਰਿਆ ਗਿਆ ਸੀ। ਪੁਲਿਸ ਨੇ ਇਸ ਹਿੰਸਾ ਵਿਚ ਲਗਭਗ 100 ਤੋਂ ਵੱਧ ਮਾਮਲੇ ਦਰਜ ਕਰ ਲਏ ਹਨ ਅਤੇ ਬਾਕੀ ਆਰੋਪੀਆਂ ਨੂੰ ਫੜਨ ਦੀਆਂ ਕੋਸ਼ਿਸ਼ਾਂ ਜਾਰੀ ਹਨ।

