ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਉੱਤਰ-ਪੂਰਬੀ ਦਿੱਲੀ ਵਿਚ ਸੀਏਏ ਦੇ ਵਿਰੁੱਧ ਅਤੇ ਸਮੱਰਥਨ ਵਿਚ ਪ੍ਰਦਰਸ਼ਨ ਕਰ ਰਹੇ ਗੁੱਟਾਂ ਵਿਚਾਲੇ ਹਿੰਸਕ ਝੜਪ ਹੋ ਗਈ ਸੀ। ਇਸ ਹਿੰਸਾ ਵਿਚ 40 ਤੋਂ ਵੱਧ ਲੋਕਾਂ ਨੇ ਆਪਣੀ ਜਾਨ ਗਵਾ ਲਈ ਸੀ ਅਤੇ 250 ਤੋਂ ਵੱਧ ਲੋਕ ਜਖਮੀ ਹੋ ਗਏ ਸਨ। ਹਿੰਸਾ ਦੌਰਾਨ ਸੱਭ ਤੋਂ ਵੱਧ ਸੁਰਖੀਆਂ ਇਕ ਲਾਲ ਟੀ-ਸ਼ਰਟ ਵਾਲੇ ਸ਼ਾਹਰੁਖ ਨਾਮ ਦੇ ਵਿਅਕਤੀ ਨੇ ਬਟੋਰੀਆਂ ਸਨ ਜੋ ਕਿ 24 ਫਰਵਰੀ ਨੂੰ ਸ਼ਰੇਆਮ ਫਾਇਰਿੰਗ ਕਰਦਾ ਵਿਖਾਈ ਦਿੱਤਾ ਸੀ ਜਿਸ ਨੂੰ ਪੁਲਿਸ ਨੇ ਹੁਣ ਗਿਰਫ਼ਤਾਰ ਕਰ ਲਿਆ ਹੈ।
ਦਰਅਸਲ ਦਿੱਲੀ ਹਿੰਸਾ ਦੌਰਾਨ ਸੜਕ ਉੱਤੇ ਲਾਲ ਟੀ-ਸ਼ਰਟ ਵਾਲੇ ਵਿਅਕਤੀ ਦੀ ਪਿਸਤੌਲ ਰਾਹੀਂ ਸ਼ਰੇਆਮ ਗੋਲੀਆਂ ਚਲਾਉਂਦੇ ਹੋਏ ਫੋਟੋਆਂ ਅਤੇ ਵੀਡੀਓਜ਼ ਕਾਫੀ ਵਾਇਰਲ ਹੋਈਆਂ ਸਨ ਇਸ ਵਿਅਕਤੀ ਦੀ ਪਹਿਚਾਣ ਸ਼ਾਹਰੁਖ ਨਾਮ ਤੋਂ ਹੋਈ ਸੀ ਜੋ ਕਿ ਬਾਅਦ ਵਿਚ ਭੀੜ ਦਾ ਫਾਇਦਾ ਉਠਾ ਕੇ ਗਾਇਬ ਹੋ ਗਿਆ ਸੀ। ਦਿੱਲੀ ਪੁਲਿਸ ਦੀ ਕ੍ਰਾਇਮ ਬ੍ਰਾਂਚ ਨੂੰ ਆਰੋਪੀ ਸ਼ਾਹਰੁਖ ਦੀ ਕਈ ਦਿਨਾਂ ਤੋਂ ਭਾਲ ਸੀ ਅਤੇ ਅੱਜ ਦਿੱਲੀ ਪੁਲਿਸ ਨੇ ਯੂਪੀ ਪੁਲਿਸ ਨਾਲ ਮਿਲ ਕੇ ਉਸ ਨੂੰ ਬਰੇਲੀ ਤੋਂ ਗਿਰਫ਼ਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪੁਛਗਿੱਛ ਦੌਰਾਨ ਆਰੋਪੀ ਸ਼ਾਹਰੁਖ ਤੋਂ ਹਿੰਸਾ ਨਾਲ ਜੁੜੇ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।
ਉੱਤਰ-ਪੂਰਬੀ ਦਿੱਲੀ ਦੇ ਇਲਾਕੇ ਹਿੰਸਾ ਨਾਲ ਸੱਭ ਤੋਂ ਜਿਆਦਾ ਪ੍ਰਭਾਵਿਤ ਹੋਏ ਹਨ। ਹਿੰਸਾ ਕਰਨ ਵਾਲਿਆਂ ਨੇ ਇੱਥੇ ਲੋਕਾਂ ਦੀਆਂ ਦੁਕਾਨਾਂ, ਘਰਾਂ ਅਤੇ ਵਾਹਨਾਂ ਨੂੰ ਅੱਗ ਦੇ ਹਵਾਲੇ ਕਰਕੇ ਰਾਖ ਕਰ ਦਿੱਤਾ ਸੀ। ਹਿੰਸਾ ਵਿਚ ਦਿੱਲੀ ਪੁਲਿਸ ਦਾ ਇਕ ਜਵਾਨ ਸ਼ਹੀਦ ਹੋ ਗਿਆ ਸੀ ਜਦਕਿ ਕਈ ਜਵਾਨ ਜਖਮੀ ਹੋ ਗਏ ਸਨ। ਹਿੰਸਾ ਵੇਲੇ ਆਈ.ਬੀ ਦੇ ਇਕ ਕਰਮਚਾਰੀ ਦੀ ਲਾਸ਼ ਵੀ ਬਰਾਮਦ ਹੋਈ ਸੀ ਜਿਸ ਨੂੰ ਚਾਕੂਆਂ ਦੇ ਨਾਲ ਬੁਰੀ ਤਰ੍ਹਾ ਮਾਰਿਆ ਗਿਆ ਸੀ। ਪੁਲਿਸ ਨੇ ਇਸ ਹਿੰਸਾ ਵਿਚ ਲਗਭਗ 100 ਤੋਂ ਵੱਧ ਮਾਮਲੇ ਦਰਜ ਕਰ ਲਏ ਹਨ ਅਤੇ ਬਾਕੀ ਆਰੋਪੀਆਂ ਨੂੰ ਫੜਨ ਦੀਆਂ ਕੋਸ਼ਿਸ਼ਾਂ ਜਾਰੀ ਹਨ।


