ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਵਿਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਰੋਜ਼ਾਨਾ ਹੋ ਰਹੀ ਮੌਤਾਂ ਕਰਕੇ ਮਰਨ ਵਾਲਿਆਂ ਦੀ ਸੰਖਿਆ 2800 ਤੋਂ ਪਾਰ ਪਹੁੰਚ ਗਈ ਹੈ ਜਦਕਿ ਕੋਰੋਨਾ ਵਾਇਰਸ ਨਾਲ ਹੁਣ ਤੱਕ 79 ਹਜ਼ਾਰ ਤੋਂ ਜਿਆਦਾ ਲੋਕ ਪੀੜਤ ਹੋ ਚੁੱਕੇ ਹਨ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਬੀਤੇ ਦਿਨ 47 ਲੋਕਾਂ ਨੇ ਆਪਣੀ ਜਾਨ ਤੋਂ ਹੱਥ ਧੋ ਲਏ ਹਨ। ਇਸ ਵਿਚ ਸੱਭ ਤੋਂ ਜਿਆਦਾ ਮੌਤਾਂ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਚੀਨ ਦੇ ਹੁਬੇਈ ਪ੍ਰਾਤ ਵਿਚ ਹੋਈਆਂ ਹਨ। ਬੀਤੇ ਸ਼ੁੱਕਰਵਾਰ ਨੂੰ 45 ਲੋਕਾਂ ਨੇ ਇੱਥੇ ਕੋਰੋਨਾ ਵਾਇਰਸ ਕਰਕੇ ਆਪਣੀ ਜਾਨ ਗਵਾ ਦਿੱਤੀ ਹੈ ਉੱਥੇ ਹੀ ਕੋਰੋਨਾ ਵਾਇਰਸ ਦੀ ਲਾਗ ਲੱਗਣ ਵਾਲੇ ਨਵੇਂ 427 ਕੇਸ ਸਾਹਮਣੇ ਆਏ ਹਨ ਜਿਸ ਕਰਕੇ ਪੀੜਤ ਮਰੀਜ਼ਾਂ ਦੀ ਕੁੱਲ ਗਿਣਤੀ 79,251 ਹੋ ਚੁੱਕੀ ਹੈ। ਇਸ ਦੇ ਨਾਲ ਹੀ 248 ਹੋਰ ਸ਼ੱਕੀ ਮਰੀਜ਼ ਸਾਹਮਣੇ ਆਏ ਹਨ। ਵੱਡੀ ਗੱਲ ਇਹ ਵੀ ਹੈ ਕਿ ਹੁਣ ਤੱਕ 39 ਹਜ਼ਾਰ ਮਰੀਜ਼ਾਂ ਨੂੰ ਠੀਕ ਹੋਣ ‘ਤੇ ਹਸਪਤਾਲ ਵਿਚੋਂ ਛੁੱਟੀ ਮਿਲ ਚੁੱਕੀ ਹੈ।
ਕੋਰੋਨਾ ਵਾਇਰਸ ਨਾਲ ਨਿਪਟਣ ਲਈ ਚੀਨ ਨੇ ਆਪਣੀ ਪੂਰੀ ਤਾਕਤ ਲਗਾਈ ਹੋਈ ਹੈ ਪਰ ਦਿਨ ਪ੍ਰਤੀ ਦਿਨ ਵੱਧ ਰਹੀ ਮਰੀਜ਼ਾਂ ਦੀ ਗਿਣਤੀ ਕਰਕੇ ਉੱਥੇ ਮੈਡੀਕਲ ਸਹੂਲਤਾਂ ਦੀ ਵੀ ਕਮੀ ਹੋ ਰਹੀ ਹੈ। ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ ਪਾਏ ਜਾਣ ਵਾਲੇ ਕੱਪੜੇ ਅਤੇ ਮੂੰਹ ਢੱਕਣ ਲਈ ਵਰਤੇ ਜਾਣ ਵਾਲੇ ਮਾਸਕਾਂ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਚੀਨ ਦੇ ਹੁਬੇਈ ਪ੍ਰਾਂਤ ਦੇ ਵੁਹਾਨ ਸ਼ਹਿਰ ਤੋਂ ਕੋਰੋਨਾ ਵਾਇਰਸ ਦੀ ਸ਼ੁਰੂਆਤ ਹੋਈ ਸੀ ਜਿਸ ਕਰਕੇ ਇਹ ਸ਼ਹਿਰ ਹੁਣ ਖਾਲ੍ਹੀ ਹੋਣ ਦੀ ਕਗਾਰ ਉੱਤੇ ਪਹੁੰਚ ਗਿਆ ਹੈ ਕਿਉਂਕਿ ਕੋਰੋਨਾ ਵਾਇਰਸ ਦੇ ਖੌਫ ਕਾਰਨ ਲੋਕਾਂ ਨੇ ਇੱਥੋਂ ਵੱਡੀ ਗਿਣਤੀ ਵਿਚ ਪਲਾਇਨ ਕੀਤਾ ਹੈ।
ਕੋਰੋਨਾ ਵਾਇਰਸ ਕੇਵਲ ਚੀਨ ਵਿਚ ਹੀ ਨਹੀਂ ਬਲਕਿ ਦੁਨੀਆਂ ਦੇ ਕਈ ਦੇਸ਼ਾਂ ਵਿਚ ਫੈਲ ਚੁੱਕਿਆ ਹੈ। ਦੱਖਣੀ ਕੋਰੀਆ ਵਿਚ ਕੋਰੋਨਾ ਵਾਇਰਸ ਦੀ ਲਾਗ ਲੱਗਣ ਵਾਲੇ ਮਰੀਜ਼ਾਂ ਦੀ ਗਿਣਤੀ 2900 ਤੋਂ ਜਿਆਦਾ ਹੋ ਚੁੱਕੀ ਹੈ ਜਿਸ ਕਰਕੇ ਉੱਥੇ ਵੱਡੇ ਪੱਧਰ ਉੱਤੇ ਸਾਵਧਾਨੀ ਵਰਤੀ ਜਾ ਰਹੀ ਹੈ।


