ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪਿਛਲੇ ਦਿਨੀਂ ਲਾਂਘੇ ਰਾਹੀਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਵਾਪਸ ਭਾਰਤ ਪਰਤੇ ਸ਼ਰਧਾਲੂਆਂ ਤੋਂ ਇੰਟੈਲਿਜੈਂਸ ਅਤੇ ਪੁਲਿਸ ਦੁਆਰਾ ਕੀਤੀ ਪੁੱਛਗਿੱਛ ਉੱਤੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਸ ਪੂਰੇ ਮਾਮਲੇ ਉੱਤੇ ਬੋਲਦਿਆਂ ਕਿਹਾ ਹੈ ਕਿ ਪੰਜਾਬ ਇਕ ਸਰਹੱਦੀ ਸੂਬਾ ਹੈ ਇਸ ਲਈ ਸੁਰੱਖਿਆ ਵਿਚ ਕੋਈ ਵੀ ਕੁਤਾਹੀ ਨਹੀਂ ਵਰਤੀ ਜਾ ਸਕਦੀ ਹੈ।
ਦਰਅਸਲ ਪਿਛਲੇ ਦਿਨੀਂ ਗੁਰਦਾਸਪੁਰ ਦੇ ਥਾਣਾ ਧਾਰੀਵਾਲ ਵਿਚ ਕਰਤਾਰਪੁਰ ਕੌਰੀਡੋਰ ਰਾਹੀਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਪਰਤੇ ਸ਼ਰਧਾਲੂਆਂ ਤੋਂ ਪੰਜਾਬ ਪੁਲਿਸ ਅਤੇ ਇੰਟੈਲੀਜੈਂਸ ਦੁਆਰਾ ਪੁੱਛਗਿੱਛ ਕੀਤੀ ਗਈ ਸੀ। ਸ਼ਰਧਾਲੂਆਂ ਤੋਂ ਬਕਾਇਦਾ ਪੂਰੇ ਦਿਨ ਪਾਕਿਸਤਾਨ ਵਿਚ ਕਰਤਾਰਪੁਰ ਸਾਹਿਬ ਵਿਖੇ ਕੀ ਕੀਤਾ ਗਿਆ, ਇਸ ਬਾਰੇ ਪੂਰੀ ਜਾਂਚ ਪੜਤਾਲ ਕੀਤੀ ਗਈ ਸੀ ਜਿਸ ਤੋਂ ਬਾਅਦ ਸ਼ਰਧਾਲੂਆਂ ਦੇ ਮਨਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਅਤੇ ਇਸ ਮੁੱਦੇ ਉੱਤੇ ਸਿਆਸਤ ਵੀ ਸ਼ੁਰੂ ਹੋ ਗਈ ਸੀ।
ਰਾਜਨੀਤਿਕ ਧੀਰਾਂ ਨੇ ਇਸ ਪੁੱਛਗਿੱਛ ਨੂੰ ਗਲਤ ਕਰਾਰ ਦਿੱਤਾ ਸੀ। ਇੰਨਾ ਹੀ ਨਹੀਂ ਵਿਰੋਧੀ ਪਾਰਟੀਆਂ ਨੇ ਇਹ ਮੁੱਦਾ ਪੰਜਾਬ ਵਿਧਾਨ ਸਭਾ ਵਿਚ ਉਠਾਇਆ ਸੀ ਜਿਸ ਦਾ ਜਵਾਬ ਦਿੰਦਿਆ ਮੁੱਖ ਮੰਤਰੀ ਕੈਪਟਨ ਸਿੰਘ ਨੇ ਕਿਹਾ ਹੈ ਕਿ ਇਹ ਪੁੱਛਗਿੱਛ ਆਈਬੀ ਦੇ ਇਨਪੁੱਟ ਤੋਂ ਬਾਅਦ ਹੋਈ ਹੈ। ਉਨ੍ਹਾਂ ਕਿਹਾ ਹੈ ਕਿ ਪੰਜਾਬ ਇਕ ਸਰਹੱਦੀ ਸੂਬਾ ਹੈ ਇਸ ਲਈ ਸੁਰੱਖਿਆ ਦੇ ਵਿਚ ਕੋਈ ਵੀ ਕੁਤਾਹੀ ਨਹੀਂ ਵਰਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਇੰਟੈਲੀਜੈਂਸ ਬਿਊਰੋ (ਆਈ ਬੀ) ਦੀ ਅਪੀਲ ਨੂੰ ਅਣਸੁਣਿਆ ਬਿਲਕੁਲ ਵੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਸਰਹੱਦੀ ਸੁਰੱਖਿਆ ਦਾ ਸੰਵੇਦਨਸ਼ੀਲ ਮਾਮਲਾ ਹੈ।


