ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬੀਤੇ ਸਾਲ ਦੀ 22 ਜੁਲਾਈ ਨੂੰ ਹਲਕਾ ਘਨੌਰ ਦੇ ਅਧੀਨ ਪੈਂਦੇ ਪਿੰਡ ਖੇੜੀ ਗੰਡਿਆ ਵਿਖੇ ਦੀਦਾਰ ਸਿੰਘ ਦੇ ਦੋ ਬੱਚੇ ਜਸ਼ਨਦੀਪ ਸਿੰਘ ਅਤੇ ਹਸ਼ਨਦੀਪ ਸਿੰਘ ਦੇ ਗਾਇਬ ਹੋਣ ਦਾ ਮਾਮਲਾ ਕਾਫੀ ਸੁਰਖੀਆਂ ਵਿਚ ਰਿਹਾ ਸੀ ਅਤੇ ਘਟਨਾ ਤੋਂ ਕੁੱਝ ਦਿਨਾਂ ਬਾਅਦ ਦੋਵਾਂ ਦੀਆਂ ਲਾਸ਼ਾਂ ਪਿੰਡ ਨੇੜਿਓ ਨਿਕਲਦੀ ਭਾਖੜਾ ਨਿਰਵਾਣਾ ਬ੍ਰਾਂਤ ਨਹਿਰ ਵਿਚੋਂ ਬਰਾਮਦ ਹੋਈਆ ਸਨ ਪਰ ਹੁਣ ਇਸ ਮਾਮਲੇ ਵਿਚ ਨਵੇਂ ਮੋੜ ਆਉਂਦੇ ਵਿਖਾਈ ਦੇ ਰਹੇ ਹਨ। ਬੱਚਿਆਂ ਦੇ ਮਾਤਾ-ਪਿਤਾ ਹੀ ਇੱਕ-ਦੂਜੇ ਉੱਤੇ ਦੋਵੇਂ ਬੱਚਿਆਂ ਨੂੰ ਮਾਰਨ ਦਾ ਇਲਜ਼ਾਮ ਲਗਾ ਰਹੇ ਹਨ ਅਤੇ ਨਾਰਕੋ ਟੈਸਟ ਕਰਵਾਉਣ ਦੀ ਗੱਲ ਸਾਹਮਣੇ ਆਈ ਹੈ।
ਦਰਅਸਲ ਕੁੱਝ ਦਿਨ ਪਹਿਲਾਂ ਮ੍ਰਿਤਕ ਬੱਚਿਆਂ ਦੇ ਪਿਤਾ ਦੀਦਾਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਸੀ ਕਿ ਉਸ ਦੀ ਪਤਨੀ ਬੀਤੀ 15 ਫਰਵਰੀ ਤੋਂ ਲਾਈ ਡਿਟੈਕਰਟਰ ਟੈਸਟ ਕਰਾਉਣ ਦੇ ਡਰ ਕਾਰਨ ਘਰੋਂ ਗਾਇਬ ਹੈ ਅਤੇ ਉਸ ਉੱਤੇ ਹੀ ਬੱਚਿਆਂ ਨੂੰ ਮਾਰਨ ਦੇ ਵਿਚ ਹੱਥ ਹੋਣ ਦਾ ਸ਼ੱਕ ਹੈ ਜਿਸ ਤੋਂ ਬਾਅਦ ਮਨਜੀਤ ਕੌਰ ਖੁਦ ਥਾਣੇ ਵਿਚ ਪੇਸ਼ ਹੋਈ ਹੈ ਅਤੇ ਆਪਣੇ ਪਤੀ ਦੀਦਾਰ ਸਿੰਘ ਦੁਆਰਾ ਲਗਾਏ ਸਾਰੇ ਆਰੋਪਾਂ ਨੂੰ ਬੇਬੁਨਿਆਦ ਦੱਸਦਿਆਂ ਉੱਲਟ ਆਪਣੇ ਪਤੀ ਉੱਤੇ ਹੀ ਬੱਚਿਆ ਨੂੰ ਮਾਰਨ ਦੇ ਆਰੋਪ ਲਗਾਏ ਹਨ।
ਮਨਜੀਤ ਕੌਰ ਨੇ ਕਿਹਾ ਕਿ ਉਸ ਦਾ ਪਤੀ ਉਸ ਨੂੰ ਘਰੇ ਤੰਗ ਪਰੇਸ਼ਾਨ ਕਰਦਾ ਸੀ ਅਤੇ ਉਸ ਨੇ ਉਸ ਨੂੰ ਘਰੋਂ ਕੱਢ ਦਿੱਤਾ ਸੀ ਸੀ ਜਿਸ ਕਰਕੇ ਉਹ ਹਰਮੰਦਿਰ ਸਾਹਿਬ ਚੱਲੀ ਗਈ ਸੀ। ਮਨਜੀਤ ਕੌਰ ਅਨੁਸਾਰ ਉਹ ਪਤੀ ਦੁਆਰਾ ਉਸ ਤੇ ਲਗਾਏ ਇਲਜ਼ਾਮਾਂ ਤੋਂ ਬਾਅਦ ਉਹ ਥਾਣੇ ਵਿਚ ਪੇਸ਼ ਹੋਈ ਹੈ ਅਤੇ ਆਪਣੇ ਬਿਆਨ ਦਰਜ ਕਰਵਾਏ ਹਨ। ਮਨਜੀਤ ਕੌਰ ਨੇ ਉੱਲਟ ਆਪਣੇ ਪਤੀ ਉੱਤੇ ਬੱਚਿਆਂ ਨੂੰ ਮਾਰਨ ਦਾ ਇਲਜ਼ਾਮ ਲਗਾਇਆ ਹੈ ਅਤੇ ਕਿਹਾ ਹੈ ਕਿ ਉਸ ਦੇ ਪਤੀ ਨੇ ਉਸ ਦੇ ਬੱਚਿਆਂ ਨੂੰ ਪਰਿਵਾਰ ਵਾਲਿਆਂ ਨਾਲ ਮਿਲ ਕੇ ਮਾਰਿਆ ਹੈ। ਮਨਜੀਤ ਕੌਰ ਨੇ ਕਿਹਾ ਹੈ ਕਿ ਉਹ ਲਾਈ ਡਿਟੈਕਟਰ ਟੈਸਟ ਕਰਵਾਉਣ ਲਈ ਪੂਰੀ ਤਰ੍ਹਾ ਤਿਆਰ ਹੈ।
ਉੱਧਰ ਇਸ ਪੂਰੇ ਮਾਮਲੇ ਉੱਤੇ ਪੁਲਿਸ ਦਾ ਕਹਿਣਾ ਹੈ ਕਿ ਮਨਜੀਤ ਕੌਰ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਨਾਰਕੋ ਟੈਸਟ ਕਰਵਾਉਣ ਤੱਕ ਉਸ ਨੂੰ ਪੁਲਿਸ ਦੇ ਸੰਪਰਕ ਵਿਚ ਰਹਿਣ ਲਈ ਕਿਹਾ ਗਿਆ ਹੈ।


