ਪਾਕਿਸਤਾਨ ਤੋਂ ਵਾਪਸ ਪਰਤਨ ‘ਤੇ DGP ਦੇ ਬਿਆਨ ਦੀ ਅਕਾਲ ਤਖਤ ਦੇ ਜੱਥੇਦਾਰ ਨੇ ਮੁੜ ਕੀਤੀ ਆਲੋਚਨਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਪਾਕਿਸਤਾਨ ਤੋਂ ਅੱਜ ਮੰਗਲਵਾਰ ਨੂੰ ਭਾਰਤ ਵਾਪਸ ਪਰਤ ਆਏ ਹਨ। ਦੇਸ਼ ਵਾਪਸ ਮੁੜਨ ‘ਤੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਪਾਕਿਸਤਾਨ ਤੋਂ ਅੱਜ ਮੰਗਲਵਾਰ ਨੂੰ ਭਾਰਤ ਵਾਪਸ ਪਰਤ ਆਏ ਹਨ। ਦੇਸ਼ ਵਾਪਸ ਮੁੜਨ ‘ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਇਕ ਵਾਰ ਫਿਰ ਤੋਂ ਡੀਜੀਪੀ ਦਿਨਕਰ ਗੁਪਤਾ ਦੇ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਉੱਤੇ ਦਿੱਤੇ ਵਿਵਾਦਤ ਬਿਆਨ ਦੀ ਨਿਖੇਧੀ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਵੱਡੇ ਮੁੱਦਿਆ ਉੱਤੇ ਆਪਣਾ ਪ੍ਰਤੀਕਰਮ ਦਿੱਤਾ ਹੈ।

ਦਰਅਸਲ ਗਿਆਨੀ ਹਰਪ੍ਰੀਤ ਸਿੰਘ ਬੀਤੀ 19 ਫਰਵਰੀ ਨੂੰ ਪਾਕਿਸਤਾਨ ਵਿਖੇ ਰਵਾਨਾ ਹੋਏ ਸਨ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਸ੍ਰੀ ਨਨਕਾਣਾ ਸਾਹਿਬ ਨੂੰ ਅਜਾਦ ਕਰਵਾਉਣ ਵਾਲੇ ਸਿੱਖਾ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਸੀ ਜਿਸ ਵਿਚ ਖਾਸ ਤੌਰ ਉੱਤੇ ਗਿਆਨੀ ਹਰਪ੍ਰੀਤ ਸਿੰਘ ਨੇ ਸ਼ਿਰਕਤ ਕੀਤੀ ਅਤੇ ਉੱਥੇ ਮੌਜੂਦ ਕਈ ਗੁਰਧਾਮਾਂ ਦੇ ਦਰਸ਼ਨ ਵੀ ਕੀਤੇ। ਅੱਜ ਵਾਪਸ ਭਾਰਤ ਪਰਤਨ ‘ਤੇ ਗਿਆਨੀ ਹਰਪ੍ਰੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਕ ਵਾਰ ਫਿਰ ਡੀਜੀਪੀ ਦਿਨਕਰ ਗੁਪਤਾ ਦੇ ਬਿਆਨ ਨੂੰ ਮੰਦਭਾਗਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਚਾਹੇ ਡੀਜੀਪੀ ਨੇ ਇਸ ਬਿਆਨ ਉੱਤੇ ਮਾਫੀ ਮੰਗ ਲਈ ਹੈ ਪਰ ਉਨ੍ਹਾਂ ਦੇ ਬਿਆਨ ਨਾਲ ਦੁਨੀਆਂ ਭਰ ਵਿਚ ਵਸਦੇ ਸਿੱਖਾਂ ਦੇ ਮਨਾਂ ਨੂੰ ਸੱਟ ਪਹੁੰਚੀ ਹੈ ਜਿਸ ਕਰਕੇ ਉਨ੍ਹਾਂ ਨੂੰ ਨੈਤੀਕਤਾ ਦੇ ਅਧਾਰ ਉੱਤੇ ਆਪਣੇ ਅਹੁੱਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ।

ਇਸ ਤੋਂ ਇਲਾਵਾ ਜੱਥੇਦਾਰ ਪਾਕਿਸਤਾਨ ਵਿਚ ਸਿੱਖ ਲੜਕੀ ਜਗਜੀਤ ਕੌਰ ਦੇ ਪਰਿਵਾਰਕ ਮੈਂਬਰਾ ਨੂੰ ਵੀ ਮਿਲੇ ਹਨ ਜਿਨ੍ਹਾਂ ਦਾ ਪਿਛਲੇ ਸਾਲ ਧਰਮ ਪਰਿਵਰਤਨ ਕੀਤਾ ਗਿਆ ਸੀ। ਜੱਥੇਦਾਰ ਨੇ ਦੱਸਿਆ ਕਿ ਜਗਜੀਤ ਕੌਰ ਦੇ ਪਰਿਵਾਰਕ ਮੈਂਬਰਾ ਦਾ ਮੰਨਣਾ ਹੈ ਕਿ ਜੇਕਰ ਉਨ੍ਹਾਂ ਦੀ ਲੜਕੀ ਨੂੰ ਬਾਕੀ ਲੜਕੀਆਂ ਤੋਂ ਵੱਖ ਰੱਖਿਆ ਜਾਵੇ ਤਾਂ ਉਹ ਵਾਪਸ ਘਰ ਆਉਣ ਲਈ ਮੰਨ ਜਾਵੇਗੀ ਕਿਉਂਕਿ ਇਸ ਵੇਲੇ ਉਸ ਉੱਤੇ ਦਬਾਅ ਪਾਇਆ ਜਾ ਰਿਹਾ ਹੈ। ਜੱਥੇਦਾਰ ਨੇ ਦੱਸਿਆ ਕਿ ਜਗਜੀਤ ਕੌਰ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰਨ ਲਈ ਆਖਿਆ ਹੈ।

ਭਾਈ ਰਣਜੀਤ ਸਿੰਘ ਢੱਡਰੀਆਵਾਲੇ ਦੁਆਰਾ ਦੀਵਾਨ ਲਗਾਉਣ ਛੱਡ ਦੇਣ ਦੇ ਫ਼ੈਸਲੇ ਅਤੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੂੰ ਟੀਵੀ ਚੈਨਲਾਂ ਉੱਤੇ ਡਿਬੇਟ ਕਰਨ ਦੀ ਚਣੋਤੀ ਦੇਣ ਵਾਲੇ ਬਿਆਨ ਉੱਤੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੱਥੇਦਾਰ ਦੇ ਅਹੁੱਦੇ ਦੀ ਇਕ ਮਰਿਆਦਾ ਹੁੰਦੀ ਹੈ ਉਹ ਟੀਵੀ ਚੈਨਲਾਂ ਉੱਤੇ ਡਿਬੇਟ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਰਣਜੀਤ ਸਿੰਘ ਨੂੰ ਅਕਾਲ ਤਖਤ ਦੁਆਰਾ ਬਣਾਈ ਗਈ ਪੰਜ ਮੈਂਬਰੀ ਕਮੇਟੀ ਸਾਹਮਣੇ ਪੇਸ਼ ਹੋ ਕੇ ਗੱਲਬਾਤ ਕਰਨੀ ਚਾਹੀਦੀ ਹੈ।

ਦਿੱਲੀ ਦੇ ਵਿਗੜੇ ਹੋਏ ਹਲਾਤਾਂ ਉੱਤੇ ਜੱਥੇਦਾਰ ਨੇ ਬੋਲਦਿਆਂ ਕਿਹਾ ਕਿ ਜਦੋਂ ਵੀ ਅਮਰੀਕਾ ਦਾ ਰਾਸ਼ਟਰਪਤੀ ਭਾਰਤ ਆਉਂਦਾ ਹੈ ਤਾਂ ਅਜਿਹੀ ਘਟਨਾਵਾਂ ਹਮੇਸ਼ਾ ਸਾਹਮਣੇ ਆਉਂਦੀਆਂ ਹਨ। ਜੱਥੇਦਾਰ ਨੇ ਕਿਹਾ ਕਿ ਜਦੋਂ ਪਹਿਲਾ ਬਿੱਲ ਕਲੀਟੰਨ ਭਾਰਤ ਆਏ ਸਨ ਤਾਂ ਜੰਮੂ ਕਸ਼ਮੀਰ ਵਿਚ 36 ਸਿੱਖ ਮਾਰ ਦਿੱਤੇ ਗਏ ਸਨ ਅਤੇ ਹੁਣ ਦਿੱਲੀ ਵਿਚ ਇਹ ਘਟਨਾਵਾਂ ਹੋ ਰਹੀਆਂ ਹਨ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ।

ਉਨ੍ਹਾਂ ਨੇ ਅੱਗੇ ਕਿਹਾ ਕਿ ਅਗਲੇ ਸਾਲ ਸ਼ਾਕਾ ਨਨਕਾਣਾ ਸਾਹਿਬ ਦੇ 100 ਸਾਲ ਪੂਰੇ ਹੋਣ ਜਾ ਰਹੇ ਹਨ ਜਿਸ ਨੂੰ ਵੱਡੇ ਪੱਧਰ ਉੱਤੇ ਮਨਾਉਣ ਲਈ ਉਨ੍ਹਾਂ ਨੇ ਪਾਕਿਸਤਾਨ ਦੇ ਈਟੀਪੀਬੀ ਬੋਰਡ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਗੱਲਬਾਤ ਕੀਤੀ ਹੈ। ਜੱਥੇਦਾਰ ਨੇ ਇਹ ਵੀ ਕਿਹਾ ਪਾਕਿਸਤਾਨ ਸਰਕਾਰ ਭਾਈ ਮਨੀ ਸਿੰਘ ਅਤੇ ਭਾਈ ਤਾਰੂ ਸਿੰਘ ਦੇ ਸ਼ਹੀਦੀ ਸਥਾਨਾ ਨੂੰ ਦੁਬਾਰਾ ਖੋਲ੍ਹੇਗੀ ਅਤੇ ਉਨ੍ਹਾਂ ਦਾ ਪੁਰਾਣੀ ਦਿੱਖ ਨੂੰ ਬਰਕਰਾਰ ਰੱਖਿਆ ਜਾਵੇਗਾ ਅਤੇ ਕੇਵਲ ਉਨ੍ਹਾਂ ਦੇ ਆਲੇ-ਦੁਆਲੇ ਨਵੀਆਂ ਇਮਾਰਤਾ ਬਣਾਈਆਂ ਜਾਣਗੀਆਂ। ਜੱਥੇਦਾਰ ਅਨੁਸਾਰ ਪਾਕਿਸਤਾਨ ਵਿਚ ਰਹਿ ਰਹੇ ਸਿੱਖ ਬਿਲੁਕਲ ਅਜਾਦ ਅਤੇ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਉੱਤੇ ਪੂਰਾ ਸਨਮਾਨ ਮਿਲਦਾ ਹੈ।

Leave a Reply

Your email address will not be published. Required fields are marked *