ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਫਿਰੋਜ਼ਪੁਰ ਵਿਚ ਅਵਾਰਾ ਪਸ਼ੂਆਂ ਦਾ ਕਹਿਰ ਵੇਖਣ ਨੂੰ ਮਿਲਿਆ ਹੈ। ਦਰਅਸਲ ਇੱਥੇ ਸੜਕਾਂ ਤੇ ਖੁਲ੍ਹੇ ਘੁੰਮ ਰਹੇ ਅਵਾਰਾ ਪਸ਼ੂਆਂ ਨਾਲ ਟਕਰਾ ਕੇ ਆਮ ਆਦਮੀ ਪਾਰਟੀ ਦੇ ਜਿਲ੍ਹਾ ਯੂਥ ਵਾਇਸ ਪ੍ਰਧਾਨ ਦੀ ਮੌਤ ਹੋ ਗਈ ਹੈ ਜਿਸ ਕਰਕੇ ਇਲਾਕੇ ਅਤੇ ਪਾਰਟੀ ਵਰਕਰਾਂ ਵਿਚ ਸੋਗ ਦਾ ਮਾਹੌਲ ਬਣ ਗਿਆ ਹੈ।
ਜਾਣਕਾਰੀ ਅਨੁਸਾਰ ਬੀਤੀ ਸ਼ਾਮ ਆਪ ਦੇ ਜਿਲ੍ਹਾ ਵਾਇਸ ਪ੍ਰਧਾਨ ਸਾਜਨ ਸੰਧੂ ਪਿੰਡ ਹਾਮਦ ਵਿਖੇ ਪਾਰਟੀ ਮੀਟਿੰਗ ਤੋਂ ਬਾਅਦ ਮੋਟਰਸਾਇਕਲ ਉੱਤੇ ਫਿਰੋਜ਼ਪੁਰ ਵੱਲ ਨੂੰ ਜਾ ਰਿਹਾ ਸੀ ਉਦੋਂ ਹੀ ਮਮਦੋਟ ਖਾਈ ਟੀ-ਪੁਆਇੰਟ ਦੇ ਨੇੜਲੇ ਪੁੱਲਾਂ ਉੱਪਰ ਅਚਾਨਕ ਅਵਾਰਾ ਪਸ਼ੂ ਅੱਗੇ ਆਉਣ ਨਾਲ ਉਹ ਉਨ੍ਹਾਂ ਨਾਲ ਟਕਰਾ ਗਿਆ ਅਤੇ ਮੋਟਰਸਾਇਕਲ ਤੋਂ ਹੇਠਾਂ ਡਿੱਗ ਪਿਆ।
ਦੱਸਿਆ ਜਾ ਰਿਹਾ ਹੈ ਕਿ ਜਿਆਦਾ ਸੱਟਾਂ ਲੱਗਣ ਕਰਕੇ ਉਸ ਦੀ ਮੌਕੇ ‘ਤੇ ਮੌਤ ਹੋ ਗਈ। ਥਾਣਾ ਫਿਰੋਜ਼ਪੁਰ ਦੀ ਸਦਰ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਸਾਜਨ ਸੰਧੂ ਗੁਹੂਹਰਸਹਾਏ ਦਾ ਰਹਿਣ ਵਾਲਾ ਸੀ। ਸਾਜਨ ਦੀ ਮੌਤ ਤੋਂ ਬਾਅਦ ਇਲਾਕੇ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚ ਸੌਗ ਦਾ ਮਾਹੌਲ ਬਣ ਗਿਆ ਹੈ। ਪਰਿਵਾਰ ਮੈਂਬਰ ਅਤੇ ਪਾਰਟੀ ਦੇ ਆਗੂ ਸੂਬਾ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਇਨ੍ਹਾਂ ਖੁਲ੍ਹੇ ਘੁੰਮ ਰਹੇ ਅਵਾਰਾ ਪਸ਼ੂਆਂ ਉੱਤੇ ਨੱਥ ਪਾਏ ਜਾਵੇ ਤਾਂ ਜੋਂ ਦਿਨ ਪ੍ਰਤੀ ਦਿਨ ਵਿਅਰਥ ਹੋ ਰਹੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਦੱਸ ਦਈਏ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਜਦੋਂ ਕਿਸੇ ਵਿਅਕਤੀ ਨੇ ਅਵਾਰਾ ਪਸ਼ੂਆਂ ਕਰਕੇ ਆਪਣੀ ਜਾਨ ਗਵਾਈ ਹੋਵੇ। ਇਸ ਤੋਂ ਪਹਿਲਾਂ ਵੀ ਅਵਾਰਾ ਪਸ਼ੂ ਨਿਤ ਨਵੇਂ ਦਿਨ ਸੜਕ ਉੱਤੇ ਵਾਪਰ ਰਹੀਆਂ ਦੁਰਘਟਨਾਵਾਂ ਦਾ ਕਾਰਨ ਬਣ ਰਹੇ ਹਨ।


