ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਜਿੱਥੇ ਦੇਸ਼ ਭਰ ਵਿੱਚ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਉੱਥੇ ਹੀ ਜਿਲ੍ਹਾ ਰੂਪਨਗਰ ਦੇ ਮੰਦਰਾਂ ਵਿੱਚ ਮਹਾਂ ਸ਼ਿਵਰਾਤਰੀ ਦੇ ਤਿਉਹਾਰ ਮੌਕੇ ਸ਼ਿਵ ਭਗਤਾਂ ਦੀ ਵੀ ਭਾਰੀ ਭੀੜ ਵੇਖਣ ਨੂੰ ਮਿਲੀ। ਇਸ ਤਿਉਹਾਰ ਨੂੰ ਲੈਕੇ ਸ਼ਹਿਰ ਦੇ ਵਿੱਚ ਦੇਰ ਰਾਤ ਤੱਕ ਭੋਲੇ ਦੀ ਬਰਾਤ ਸਜਾਈ ਗਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਿਵ ਭਗਤਾਂ ਨੇ ਹਿੱਸਾ ਲਿਆ ਤੇ ਭੋਲੇ ਦੇ ਭਗਤਾ ਨੇ ਨੱਚ ਟੱਪ ਕੇ ਖ਼ੁਸ਼ੀ ਮਨਾਈ।
ਇਸ ਦੌਰਾਨ ਸ਼ਹਿਰ ਦੇ ਸਾਰੇ ਹੀ ਮੰਦਿਰ ਫੁੱਲਾਂ ਅਤੇ ਦੀਪ ਮਾਲਾ ਨਾਲ ਸਜਾਏ ਗਏ ਤੇ ਦੇਰ ਰਾਤ ਤੱਕ ਸ਼ਹਿਰ ਦੀਆ ਸੜਕਾਂ ‘ਤੇ ਭੋਲੇ ਦੇ ਭਜਨਾਂ ਗੁੰਜਦੇ ਰਹੇ । ਕਲਾਕਾਰਾਂ ਵੱਲੋਂ ਸ਼ਿਵਜੀ ਦੇ ਭਜਨਾਂ ‘ਤੇ ਭਗਤ ਖ਼ੂਬ ਝੂਮੇ ।ਇਸ ਮੌਕੇ ਵੱਖ- ਵੱਖ ਸਿਆਸੀ ਆਗੂਆ ਨੇ ਵੀ ਹਾਜ਼ਰੀ ਭਰੀ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਸਮੇਤ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿਲੋ ਅਤੇ ਅਕਾਲੀ ਨੇਤਾ ਪਰਮਜੀਤ ਸਿੰਘ ਮੱਕੜ ਨੇ ਵੀ ਹਾਜ਼ਰੀ ਭਰੀ ਤੇ ਭਗਤਾ ਨੂੰ ਇਸ ਪਵਿੱਤਰ ਤਿਉਹਾਰ ਦੀ ਵਧਾਈ ਦਿੰਦਿਆਂ ਆਪਸੀ ਭਾਈਚਾਰਕ ਸਾਂਝ ਕਾਇਮ ਰੱਖਣ ਦੀ ਗੱਲ ਕਹੀ । ਸ਼ਿਵਰਾਤਰੀ ਮੌਕੇ ਸਾਰਾ ਸ਼ਹਿਰ ਲਾਈਟਾਂ ਨਾਲ ਸਜਾਇਆ ਗਿਆ।
ਮਹਾਂ ਸ਼ਿਵਰਾਤਰੀ ਦੇ ਦਿਨ ਸਵੇਰੇ 4 ਵਜੇਂ ਤੋਂ ਹੀ ਜਿਲ੍ਹਾ ਰੂਪਨਗਰ ਦੇ ਮੰਦਰਾਂ ਵਿੱਚ ਸ਼ਿਵ ਭਗਤਾਂ ਦੀ ਭੀੜ ਜੁੜਨੀ ਸ਼ੁਰੂ ਹੋ ਗਈ। ਰੂਪਨਗਰ ਦੇ 200 ਸਾਲ ਪੁਰਾਣੇ ਪੁਰਾਤਨ ਲਹਿਰੀ ਸ਼ਾਹ ਮੰਦਰ ਵਿੱਚ ਸ਼ਿਵ ਜੀ ਦੀ ਪੂਜਾ ਅਰਚਨਾਂ ਲਈ ਸ਼ਿਵ ਭਗਤਾਂ ਦੀਆਂ ਲੰਮੀਆਂ ਲਾਇਨਾਂ ਲੱਗੀਆਂ ਰਹੀਆਂ। ਇਸ ਮੌਕੇ ਮੰਦਰ ਵਿੱਚ ਲਗਾਤਾਰ ਹਵਨ-ਪੂਜਾ ਦਾ ਪ੍ਰੋਗ੍ਰਾਮ ਵੀ ਜਾਰੀ ਰਿਹਾ। ਸ਼ਰਧਾਲੂਆਂ ਵੱਲੋਂ ਸ਼ਹਿਰ ਵਿੱਚ ਥਾਂ-ਥਾਂ ‘ਤੇ ਲੰਗਰ ਵੀ ਲਗਾਏ ਗਏ।
ਇਸ ਮੋਕੇ ਮੰਦਿਰ ਦੇ ਪੁਜਾਰੀ ਜਗਤ ਰਾਮ ਅਤੇ ਨੰਦ ਕਿਸ਼ੋਰ ਨੇ ਸ਼ਿਵਰਾਤਰੀ ਅਤੇ ਲਹਿਰੀ ਸ਼ਾਹ ਮੰਦਿਰ ਦੇ ਇਤਹਾਸ ਸਬੰਧੀ ਜਾਣਕਾਰੀ ਵੀ ਦਿੱਤੀ। ਇਸ ਤਰ੍ਹਾਂ ਰੂਪਨਗਰ ਸ਼ਹਿਰ ਵਿੱਚ ਮਹਾਂ ਸ਼ਿਵਰਾਤਰੀ ਨੂੰ ਲੈਕੇ ਦੇਰ ਸ਼ਾਮ ਤੱਕ ਮੰਦਰਾਂ ਦੇ ਵਿੱਚ ਸ਼ਿਵ ਭਗਤਾਂ ਦੀਆਂ ਰੋਣਕਾਂ ਲੱਗੀਆਂ ਰਹੀਆਂ ਤੇ ਭਗਤਾਂ ਵੱਲੋਂ ਮੰਦਰਾਂ ਵਿੱਚ ਨਤਮਸਤਕ ਹੋਕੇ ਪਰਿਵਾਰ ਦੀ ਸੁੱਖ ਸ਼ਾਂਤੀ ਦੀ ਮੰਨਤ ਮੰਗੀ।




