ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੋਰੋਨਾ ਵਾਇਰਸ ਦਾ ਕਹਿਰ ਚੀਨ ਸਮੇਤ ਪੂਰੀ ਦੁਨੀਆਂ ਵਿਚ ਲਗਾਤਾਰ ਜਾਰੀ ਹੈ। ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦਾ ਅੰਕੜਾ ਥਮਣ ਦਾ ਨਾਮ ਨਹੀਂ ਲੈ ਰਿਹਾ ਹੈ ਅਤੇ ਹੁਣ ਖਬਰ ਇਹ ਆਈ ਹੈ ਕਿ ਚੀਨ ਵਿਚ ਮਰਨ ਵਾਲਿਆਂ ਦੀ ਗਿਣਤੀ 2100 ਨੂੰ ਪਾਰ ਕਰ ਗਈ ਹੈ ਪਰ ਇਨ੍ਹਾਂ ਸਭਨਾ ਦੇ ਵਿਚਾਲੇ ਚੰਗੀ ਖਬਰ ਵੀ ਇਹ ਹੈ ਕਿ ਕੋਰੋਨਾ ਵਾਇਰਸ ਦੀ ਲਾਗ ਲੱਗਣ ਵਾਲੇ ਮਰੀਜ਼ਾਂ ਦੀ ਗਿਣਤੀ ਵਿਚ ਥੋੜੀ ਕਮੀ ਜ਼ਰੂਰ ਦਰਜ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਬੀਤੇ ਦਿਨ ਲਗਭਗ 114 ਲੋਕਾਂ ਨੇ ਕੋਰੋਨਾ ਵਾਇਰਸ ਕਾਰਨ ਦਮ ਤੋੜ ਦਿੱਤਾ ਹੈ ਜਿਸ ਨਾਲ ਕੁੱਲ ਮਰਨ ਵਾਲਿਆਂ ਦੀ ਗਿਣਤੀ 2127 ਹੋ ਗਈ ਹੈ ਜਦਕਿ 394 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਨੂੰ ਮਿਲਾ ਕੇ ਕੁੱਲ ਸੰਖਿਆ 74,576 ਹੋ ਗਈ ਹੈ। ਖੈਰ ਹੁਣ ਨਵੇਂ ਕੇਸਾਂ ਦੀ ਪੁਸ਼ਟੀ ਵਿਚ ਥੋੜੀ ਕਮੀ ਜਰੂਰ ਵੇਖਣ ਨੂੰ ਮਿਲੀ ਹੈ ਜੋ ਚੀਨ ਸਮੇਤ ਪੂਰੀ ਦੁਨੀਆਂ ਲਈ ਇਕ ਰਾਹਤ ਵਾਲੀ ਖਬਰ ਮੰਨੀ ਜਾ ਰਹੀ ਹੈ ਪਰ ਇਸ ਵਾਇਰਸ ਦਾ ਪ੍ਰਕੋਪ ਅਜੇ ਵੀ ਜਾਰੀ ਹੈ। ਚੀਨ ਦੇ ਹੁਬਏ ਪ੍ਰਾਤ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਹੁਣ ਤੱਕ ਦੁਨੀਆਂ ਦੇ 28 ਦੇਸ਼ਾਂ ਵਿਚ ਆਪਣੇ ਪੈਰ ਪਸਾਰ ਲਏ ਹਨ। ਦੁਨੀਆਂ ਦੇ ਦੇਸ਼ ਇਸ ਵਾਇਰਸ ਨੂੰ ਲੈ ਕੇ ਪੂਰੀ ਤਰ੍ਹਾਂ ਅਲਰਟ ਹਨ।
ਕੋਰੋਨਾ ਵਾਇਰਸ ਨੇ ਚੀਨ ਵਿਚ ਮੈਡੀਲਕ ਸਹੂਲਤਾਂ ਦੀ ਹੁੰਦੀ ਕਮੀ ਦੀ ਵੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਚੀਨ ਵਿਚ ਇਸ ਵਾਇਰਸ ਤੋਂ ਬੱਚਣ ਲਈ ਪਾਏ ਜਾਣ ਵਾਲੇ ਕੱਪੜੇ ਅਤੇ ਮਾਸਕਾ ਦੀ ਭਾਰੀ ਕਿੱਲਤ ਹੋ ਚੁੱਕੀ ਹੈ। ਇੰਨਾ ਹੀ ਨਹੀਂ ਬਲਕਿ ਚੀਨ ਨੂੰ ਦਵਾਈਆਂ ਦੀ ਕਮੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਵੀ ਦੱਸ ਦਈਏ ਕਿ ਕੋਰੋਨਾ ਵਾਇਰਸ ਦਾ ਕੇਂਦਰ ਰਹੇ ਵੁਹਾਨ ਸ਼ਹਿਰ ਦੇ ਵੱਡੇ ਹਸਪਤਾਲ ਦੇ ਡਾਇਰੈਕਟਰ ਨੇ ਵੀ ਇਸ ਵਾਇਰਸ ਕਾਰਨ ਆਪਣੀ ਜਾਨ ਤੋਂ ਹੱਥ ਧੋ ਲਏ ਹਨ। ਇਸ ਤੋਂ ਪਹਿਲਾਂ ਕੋਰੋਨਾ ਵਾਇਰਸ ਬਾਰੇ ਪੂਰੀ ਦੁਨੀਆਂ ਨੂੰ ਸੱਭ ਤੋਂ ਪਹਿਲਾਂ ਸਾਵਧਾਨ ਕਰਨ ਵਾਲੇ ਡਾਕਟਰ ਲੀ ਵਿਨਲਿਆਂਗ ਨੂੰ ਵੀ ਇਸ ਵਾਇਰਸ ਦੀ ਲਾਗ ਲੱਗ ਗਈ ਸੀ ਜਿਸ ਕਰਕੇ ਉਨ੍ਹਾਂ ਨੇ ਵੀ ਦਮ ਤੋੜ ਦਿੱਤਾ ਸੀ।

