ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਅੱਜ 14 ਫਰਵਰੀ ਦਿਨ ਸ਼ੁੱਕਰਵਾਰ ਹੈ। ਪਿਛਲੇ ਸਾਲ 2019 ਵਿਚ 14 ਫਰਵਰੀ ਦਾ ਦਿਨ ਭਾਰਤ ਦੇ ਇਤਿਹਾਸ ਵਿਚ ਇਕ ਅਜਿਹੇ ਕਾਲੇ ਦਿਨ ਵਜੋਂ ਦਰਜ ਹੋਇਆ ਹੈ ਜੋ ਕਿ ਸ਼ਾਇਦ ਆਉਣ ਵਾਲੀਆਂ ਸਦੀਆਂ ਵਿਚ ਵੀ ਕਦੇਂ ਭੁਲਾਇਆ ਨਹੀਂ ਜਾ ਸਕੇਗਾ। ਪਿਛਲੇ ਸਾਲ 14 ਫਰਵਰੀ ਦਿਨ ਵੀਰਵਾਰ ਸ਼ਾਮ 3 ਵੱਜੇ ਕੇ 15 ਮਿੰਟ ਉੱਤੇ ਪੁਲਵਾਮਾ ਵਿਚ ਇਕ ਅੱਤਵਾਦੀ ਨੇ ਬਰੂਦ ਨਾਲ ਭਰੀ ਆਪਣੀ ਕਾਰ ਨੂੰ ਸੜਕ ਉੱਤੋਂ ਗੁਜ਼ਰ ਰਹੇ ਸੀਆਰਪੀਐਫ ਦੇ ਕਾਫਿਲੇ ਵਿਚ ਚੱਲ ਬੱਸ ‘ਚ ਮਾਰ ਕੇ ਖੁਦ ਨੂੰ ਉੱਡਾ ਲਿਆ ਸੀ ਜਿਸ ਵਿਚ 40 ਜਵਾਨ ਸ਼ਹੀਦ ਹੋ ਗਏ ਸਨ ਜਦਕਿ 35 ਜਵਾਨ ਗੰਭੀਰ ਰੂਪ ਨਾਲ ਜਖ਼ਮੀ ਵੀ ਹੋ ਗਏ ਸਨ ਅਤੇ ਇਕ ਸਾਲ ਪੂਰਾ ਹੋਣਾ ਉੱਤੇ ਸੀਆਰਪੀਐਫ ਦੇ ਜਵਾਨਾਂ ਵੱਲੋਂ ਇਸ ਹਮਲੇ ਵਿਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਅੱਜ ਜੰਮੂ ਕਸ਼ਮੀਰ ਵਿਚ ਸੀਆਰਪੈਫ ਦੀ 76 ਬਟਾਲੀਅਨ ਨੇ ਪੁਲਵਾਮਾ ਹਮਲੇ ਵਿਚ ਸ਼ਹੀਦ ਹੋਏ ਆਪਣੇ ਸਾਥੀ ਜਵਾਨਾਂ ਨੂੰ ਇਕ ਸਾਲ ਪੂਰੇ ਹੋਣ ‘ਤੇ ਹੱਥਾਂ ਵਿਚ ਮੋਮਬੱਤੀ ਫੜ ਅਤੇ ਫੁੱਲ ਭੇਟ ਕਰਕੇ ਸ਼ਰਧਾਂਜਲੀ ਦਿੱਤੀ ਹੈ। ਸ਼ਰਧਾਂਜਲੀ ਦਿੰਦੇ ਵੇਲੇ ਕਈ ਜਵਾਨਾਂ ਦੀ ਅੱਖਾਂ ਵਿਚੋਂ ਹੰਝੂ ਵੀ ਨਿਕਲੇ। ਜਿੱਥੇ ਇਕ ਪਾਸੇ ਸੀਆਰਪੀਐਫ ਜਵਾਨਾਂ ਵਿਚ ਆਪਣੇ ਸਾਥੀਆਂ ਨੂੰ ਖੋਣ ਦਾ ਗਮ ਸੀ ਉੱਥੇ ਹੀ ਉਨ੍ਹਾਂ ਦੇ ਅੰਦਰ ਦੁਸ਼ਮਣ ਤੋਂ ਬਦਲਾ ਲੈਣ ਦਾ ਵੀ ਪੂਰਾ ਜਨੂਨ ਅਤੇ ਜੋਸ਼ ਸੀ।
ਇਸ ਮੌਕੇ ਜਵਾਨਾਂ ਨੇ ਕਿਹਾ ਕਿ ਦੁਸ਼ਮਣ ਦੀ ਕਿਸੇ ਵੀ ਹਰਕਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਹਰ ਹਮਲੇ ਦਾ ਮੂੰਹਤੋੜ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤ ਦੀ ਏਕਤਾ ਅਤੇ ਅਖੰਡਤਾ ਦੇ ਲਈ ਉਹ ਹਮੇਸ਼ਾਂ ਲੜਦੇ ਰਹਿਣਗੇ ਚਾਹੇ ਉਨ੍ਹਾਂ ਨੂੰ ਇਸ ਦੇ ਲਈ ਆਪਣੀ ਸ਼ਹਾਦਤ ਕਿਉਂ ਨਾ ਦੇਣੀ ਪਵੇ। ਸੀਆਰਪੀਐਫ ਜਵਾਨਾਂ ਨੇ ਆਪਣੇ ਸਾਥੀ ਜਵਾਨਾਂ ਦੀ ਯਾਦ ਵਿਚ ਦੇਸ਼ ਭਗਤੀ ਦੇ ਸੰਗੀਤ ਵੀ ਗਾਏ।
ਉੱਧਰ ਦੂਜੇ ਪਾਸੇ ਖੂਫੀਆ ਏਜੰਸੀਆਂ ਵੱਲੋਂ ਮਿਲ ਰਹੇ ਅੱਤਵਾਦੀ ਹਮਲੇ ਦੇ ਇਨਪੁੱਟ ਤੋਂ ਬਾਅਦ ਸੀਆਰਪੀਐਫ ਦੇ ਜਵਾਨਾਂ ਦੁਆਰਾ ਸੜਕਾਂ ਤੋਂ ਲੈ ਕੇ ਜੰਗਲਾਂ ਤੱਕ ਪੈਟ੍ਰੋਲਿੰਗ ਕੀਤੀ ਜਾ ਰਹੀ ਹੈ। ਅੱਤਵਾਦੀਆਂ ਦੀ ਘੂਸਪੈਠ ਕਰਾਉਣ ਲਈ ਗੁਆਂਢੀ ਮੁਲਕ ਪਾਕਿਸਤਾਨ ਵੀ ਜੰਗਬੰਦੀ ਦੀ ਉੱਲਘਣਾ ਕਰਦਾ ਰਹਿੰਦਾ ਹੈ ਪਰ ਸੈਨਾ ਦੁਆਰਾ ਬਾਰਡਰ ਉੱਤੇ ਵੀ ਪੂਰੀ ਚੌਕਸੀ ਵਰਤੀ ਜਾ ਰਹੀ ਹੈ ਅਤੇ ਦੁਸ਼ਮਣ ਦੀ ਹਰ ਹਰਕਤ ਉੱਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।



