ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਭਲਕੇ 14 ਫਰਵਰੀ ਦਿਨ ਸ਼ੁੱਕਰਵਾਰ ਹੈ। 14 ਫਰਵਰੀ ਨੂੰ ਪੂਰੀ ਦੁਨੀਆਂ ਵਿਚ ਵੈਲਨਟਾਇਨ ਡੇਅ ਦੇ ਨਾਮ ਨਾਲ ਮਨਾਇਆ ਜਾਂਦਾ ਹੈ ਪਰ 14 ਫਰਵਰੀ ਪਿਛਲੇ ਸਾਲ ਭਾਰਤ ਦੇ ਇਤਿਹਾਸ ਵਿਚ ਕਾਲੇ ਦਿਨ ਵਜੋਂ ਵੀ ਦਰਜ ਹੋ ਚੁੱਕੀ ਹੈ। ਅਸੀ ਗੱਲ ਕਰ ਰਹੇ ਹਾਂ ਪੁਲਵਾਮਾ ਵਿਚ ਸੀਆਰਪੀਐਫ ਉੱਤੇ ਹੋਏ ਅੱਤਵਾਦੀ ਹਮਲੇ ਦੀ। ਪਿਛਲੇ ਸਾਲ ਇਸੇ ਮਿਤੀ ਅਤੇ ਦਿਨ ਵੀਰਵਾਰ ਨੂੰ ਸ਼ਾਮ 3 ਵੱਜ ਕੇ 15 ਮਿੰਟ ਉੱਤੇ ਪੁਲਵਾਮਾ ਵਿਚ ਇਕ ਅੱਤਵਾਦੀ ਨੇ ਆਪਣੀ ਬਰੂਦ ਨਾਲ ਭਰੀ ਕਾਰ ਨੂੰ ਸੀਆਰਪੀਐਫ ਦੇ ਕਾਫਿਲੇ ਵਿਚ ਜਾ ਰਹੀ ਬੱਸ ਵਿਚ ਮਾਰ ਕੇ ਖੁਦ ਨੂੰ ਉਡਾ ਲਿਆ ਸੀ। ਇਸ ਹਮਲੇ ਵਿਚ 40 ਜਵਾਨ ਸ਼ਹੀਦ ਹੋ ਗਏ ਸਨ ਜਦਕਿ 35 ਜਵਾਨ ਗੰਭੀਰ ਜ਼ਖਮੀ ਵੀ ਹੋਏ ਸਨ।
ਇਨ੍ਹਾਂ 40 ਜਵਾਨਾਂ ਵਿਚੋਂ ਪੰਜਾਬ ਦੇ ਵੀ 4 ਜਵਾਨ ਸਨ ਜਿਨ੍ਹਾਂ ਵਿਚੋਂ ਇਕ ਕੁਲਵਿੰਦਰ ਸਿੰਘ ਸੀ ਜਿਸ ਦੀ ਉਮਰ 26 ਸਾਲ ਸੀ। ਸ਼ਹੀਦ ਕੁਲਵਿੰਦ ਸਿੰਘ ਰੂਪਨਗਰ ਜਿਲ੍ਹੇ ਦੇ ਰੌਲੀ ਪਿੰਡ ਦਾ ਰਹਿਣ ਵਾਲਾ ਸੀ ਅਤੇ ਉਹ ਆਪਣਾ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਸ਼ਹੀਦ ਕੁਲਵਿੰਦ ਸਿੰਘ ਦਾ ਨਵੰਬਰ 2019 ਵਿਚ ਵਿਆਹ ਵੀ ਰੱਖਿਆ ਹੋਇਆ ਸੀ ਪਰ ਵਿਆਹ ਦਾ ਸਹਿਰਾ ਸਜਾਉਣ ਤੋਂ ਪਹਿਲਾਂ ਹੀ ਉਹ ਕਫਨ ਵਿਚ ਲਿਪਟ ਕੇ ਆਪਣੇ ਘਰ ਆਇਆ ਅਤੇ ਆਪਣੇ ਦੇਸ਼ ਲਈ ਕੁਰਬਾਨ ਹੋ ਗਿਆ। 16 ਫਰਵਰੀ 2019 ਨੂੰ ਸ਼ਹੀਦ ਕੁਲਵਿਦੰਰ ਸਿੰਘ ਦੇ ਜੱਦੀ ਪਿੰਡ ਰੌਲੀ ਵਿਚ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ। ਉਸ ਵੇਲੇ ਸ਼ਹੀਦ ਦੇ ਪਰਿਵਾਰ ਨਾਲ ਸਰਕਾਰ ਨੇ ਕੁੱਝ ਵਾਅਦੇ ਕੀਤੇ ਸਨ। ਲਗਭਗ ਸਾਲ ਬੀਤ ਜਾਣ ਦੇ ਬਾਵਜੂਦ ਵੀ ਸਾਰੇ ਵਾਅਦੇ ਤਾਂ ਪੂਰੇ ਨਹੀਂ ਹੋਏ ਪਰ ਇਕ ਵਾਅਦਾ ਜਰੂਰ ਪੂਰਾ ਹੋ ਗਿਆ।
ਦਰਅਸਲ ਸ਼ਹੀਦ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਦੀ ਮੰਗ ਉੱਤੇ ਸ਼ਹੀਦ ਕੁਲਵਿੰਦਰ ਸਿੰਘ ਦੇ ਪਿੰਡ ਦੇ ਸਰਕਾਰੀ ਸਕੂਲ ਦਾ ਨਾਮ ਸ਼ਹੀਦ ਕੁਲਵਿੰਦਰ ਸਿੰਘ ਸਰਕਾਰੀ ਮਿਡਲ ਸਕੂਲ, ਪਿੰਡ ਰੌਲੀ ਰੱਖ ਦਿੱਤਾ ਗਿਆ ਹੈ ਜਿਸ ਦਾ ਉਦਘਾਟਨ ਖੁਦ ਸ਼ਹੀਦ ਦੇ ਪਿਤਾ ਦਰਸ਼ਨ ਸਿੰਘ ਨੇ ਕੀਤਾ। ਇਸ ਵਿਸ਼ੇਸ਼ ਮੌਕੇ ‘ਤੇ ਪਹੁੰਚੀ ਰੂਪ ਨਗਰ ਦੀ ਡੀਸੀ ਸ਼੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਸ਼ਹੀਦ ਦੇ ਪਰਿਵਾਰ ਦੀ ਮੰਗ ਉੱਤੇ ਸਕੂਲ ਦੇ ਨਾਮ ਸ਼ਹੀਦ ਕੁਲਵਿੰਦਰ ਸਿੰਘ ਰੱਖ ਕੇ ਪਿੰਡ ਵਾਸੀਆਂ ਨੂੰ ਸਪਰਪਿਤ ਕਰ ਦਿੱਤਾ ਗਿਆ ਹੈ।
ਡੀਸੀ ਨੇ ਦੱਸਿਆ ਕਿ ਜਦੋਂ ਸੀਐਮ ਕੈਪਟਨ ਅਤੇ ਵਿਧਾਨ ਸਭਾ ਸਪੀਕਰ ਇੱਥੇ ਆਏ ਸਨ ਤਾਂ ਪਿੰਡ ਵਾਸੀਆਂ ਨੇ ਪਿੰਡ ਨੂੰ ਆਉਂਦੀ ਕੱਚੀ ਸੜਕ ਨੂੰ ਪੱਕੀ ਕਰਵਾ ਕੇ ਸ਼ਹੀਦ ਦੇ ਨਾਮ ਉੱਤੇ ਰੱਖਣ ਦੀ ਮੰਗ ਕੀਤੀ ਸੀ ਜਿਸ ਨੂੰ ਸਰਕਾਰ ਨੇ ਮੰਜੂਰੀ ਦੇ ਦਿੱਤੀ ਹੈ ਅਤੇ ਸੜਕ ਦਾ ਨਿਰਮਾਣ ਜਲਦੀ ਹੀ ਸ਼ੁਰੂ ਹੋ ਜਾਵੇਗਾ। ਡੀਸੀ ਅਨੁਸਾਰ ਸ਼ਹੀਦ ਦੇ ਪਰਿਵਾਰ ਨੇ ਮੰਗ ਕੀਤੀ ਸੀ ਕਿ ਸ਼ਹੀਦ ਕੁਲਵਿੰਦ ਸਿੰਘ ਦੇ ਨਾਮ ਉੱਤੇ ਇਕ ਪਲੇਅ ਗਰਾਊਂਡ ਅਤੇ ਯਾਦਗਾਰੀ ਗੇਟ ਬਣਾਇਆ ਜਾਵੇ। ਡੀਸੀ ਨੇ ਦੱਸਿਆ ਕਿ ਯਾਦਗਾਰੀ ਗੇਟ ਦੀ ਥਾਂ ਪਲੇਅ ਗਰਾਊਂਡ ਬਣਾਇਆ ਜਾਵੇਗਾ ਜਿਸ ਨਾਲ ਬੱਚੇ ਖੇਡ ਰਾਹੀਂ ਆਪਣਾ ਭਵਿੱਖ ਸਵਾਰ ਸੱਕਣਗੇ ਅਤੇ ਇਸ ਲਈ ਬਕਾਇਦਾ ਚੈਕ ਵੀ ਦੇ ਦਿੱਤਾ ਗਿਆ ਹੈ।
ਦੂਜੇ ਪਾਸੇ ਸ਼ਹੀਦ ਕੁਲਵਿੰਦਰ ਸਿੰਘ ਦੇ ਪਿਤਾ ਸਰਕਾਰ ਤੋਂ ਜਿਆਦਾ ਖੁਸ਼ ਨਜ਼ਰ ਨਹੀਂ ਆਏ।ਉਨ੍ਹਾਂ ਕਿਹਾ ਕਿ ਪਰਿਵਾਰ ਦੀ ਮੰਗ ਸੀ ਕਿ ਸ਼ਹੀਦ ਕੁਲਵਿੰਦ ਸਿੰਘ ਦੇ ਨਾਮ ਉੱਤੇ ਇਕ ਯਾਦਗਾਰੀ ਗੇਟ ਜਰੂਰ ਬਣਾਇਆ ਜਾਵੇ ਜਿਸ ਨੂੰ ਸਰਕਾਰ ਵੱਲੋ ਅਜੇ ਪੂਰਾ ਨਹੀਂ ਕੀਤਾ ਗਿਆ ਹੈ। ਸ਼ਹੀਦ ਦੇ ਪਿਤਾ ਨੇ ਬੜੇ ਹੀ ਭਰੇ ਹੋਏ ਮਨ ਨਾਲ ਕਿਹਾ ਕਿ ਉਸ ਦੇ ਪੁੱਤਰ ਦੇ ਸ਼ਹੀਦ ਹੋਣ ਤੋਂ ਇਕ ਸਾਲ ਬਾਅਦ ਕਿਸੇ ਨੇ ਉਸ ਦੀ ਸਾਰ ਨਹੀਂ ਲਈ ਹੈ ਅਤੇ ਹੁਣ ਬਰਸੀ ਮੌਕੇ ਗੇੜੇ ਮਾਰਨ ਲੱਗ ਪਏ ਹਨ। ਸ਼ਹੀਦ ਦੇ ਪਿਤਾ ਨੇ ਦੱਸਿਆ ਕਿ ਅੱਜ ਵੀ ਉਸ ਨੂੰ ਕਿਸੇ ਅਧਿਕਾਰੀ ਨੂੰ ਮਿਲਣ ਵਾਸਤੇ ਲਾਇਨਾਂ ਵਿਚ ਲੱਗਣਾ ਪੈਦਾ ਹੈ।



