ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪਠਾਨਕੋਟ ਦੇ ਕੈਂਟ ਰੇਲਵੇ ਸਟੇਸ਼ਨ ਉੱਤੇ ਇਕ ਵੱਡਾ ਟਰੇਨ ਹਾਦਸਾ ਟੱਲ ਗਿਆ। ਦਰਅਸਲ ਇੱਥੇ ਗੁਵਹਾਟੀ ਐਕਸਪ੍ਰੈਸ ਰੇਲ ਦਾ ਇਕ ਯਾਤਰੀਆਂ ਨਾਲ ਭਰਿਆ ਡੱਬਾ ਪਟਰੀ ਤੋਂ ਉਤਰ ਗਿਆ ਪਰ ਵੱਡੀ ਗੱਲ ਇਹ ਰਹੀ ਕਿ ਇਸ ਹਾਦਸੇ ਵਿਚ ਟਰੇਨ ‘ਚ ਸਵਾਰ ਸਾਰੇ ਯਾਤਰੀਆਂ ਦੀ ਜਾਨ ਬੱਚ ਗਈ।
ਜਾਣਕਾਰੀ ਅਨੁਸਾਰ ਅੱਜ ਸਵੇਰੇ ਸਵਾ ਦੱਸ ਵਜੇ ਗੁਵਹਾਟੀ ਐਕਸਪ੍ਰੈਸ ਟਰੇਨ ਪਠਾਨਕੋਟ ਨੂੰ ਹੁੰਦੇ ਹੋਏ ਵੈਸ਼ਨੋ ਦੇਵੀ ਜਾ ਰਹੀ ਸੀ ਪਰ ਜਦੋਂ ਇਹ ਕੈਂਟ ਸਟੇਸ਼ਨ ਉੱਤੇ ਪਹੁੰਚੀ ਤਾਂ ਟਰੈਕ ਬਦਲਦੇ ਵੇਲੇ ਅਚਾਨਕ ਟਰੇਨ ਦਾ ਆਖਰੀ ਡੱਬਾ ਪਟਰੀ ਤੋਂ ਹੇਠਾਂ ਉੱਤਰ ਗਿਆ। ਇਸੇ ਦੌਰਾਨ ਉੱਥੇ ਮੌਜੂਦ ਇਕ ਵਿਅਕਤੀ ਦੀ ਇਸ ਘਟਨਾ ‘ਤੇ ਨਜ਼ਰ ਚੱਲੀ ਗਈ ਅਤੇ ਉਸ ਨੇ ਭੱਜਦੇ ਹੋਏ ਟਰੇਨ ਦੇ ਡਰਾਇਵਰ ਨੂੰ ਅਵਾਜ ਦਿੰਦੇ ਹੋਏ ਡੱਬੇ ਦੇ ਪਟਰੀ ਤੋਂ ਹੇਠਾਂ ਉਤਰਨ ਦੀ ਸੂਚਨਾ ਦਿੱਤੀ ਜਿਸ ਨੂੰ ਸੁਣ ਕੇ ਟਰੇਨ ਦਾ ਡਰਾਇਵਰ ਹਰਕਤ ਵਿਚ ਆ ਗਿਆ ਅਤੇ ਉਸ ਨੇ ਬ੍ਰੇਕ ਲਗਾ ਦਿੱਤੀ ਜਿਸ ਕਾਰਨ ਟਰੇਨ ਰੁੱਕ ਗਈ ਅਤੇ ਸਾਰੇ ਯਾਤਰੀ ਸਹੀ ਸਲਾਮਤ ਬੱਚ ਗਏ। ਫਿਲਹਾਲ ਡੱਬੇ ਦੇ ਪਾਟਰੀ ਤੋਂ ਉਤਰਨ ਦੇ ਕਾਰਨਾਂ ਦਾ ਅਜੇ ਪਤਾ ਲਗਾਇਆ ਜਾ ਰਿਹਾ ਹੈ।

