ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਟਰੈਕਟਰਾਂ ਨੂੰ ਮੌਡੀਫਾਈ ਕਰਵਾ ਕੇ ਉਨ੍ਹਾਂ ‘ਤੇ ਬਰਾਤ ਲੈ ਕੇ ਜਾਣ ਦਾ ਕਰੇਜ਼ ਪਹਿਲਾਂ ਕੇਵਲ ਪਿੰਡਾਂ ‘ਚ ਸੀ ਪਰ ਹੁਣ ਬਦਲ ਰਹੇ ਜਮਾਨੇ ਨਾਲ ਇਸ ਦੌਰ ਦੀ ਸ਼ੁਰੂਆਤ ਸ਼ਹਿਰਾਂ ‘ਚ ਵੀ ਹੋ ਗਈ ਹੈ। ਅਜਿਹਾ ਹੀ ਇਕ ਤਾਜਾ ਮਾਮਲਾ ਜਲੰਧਰ ਦੇ ਹਰਬੰਸ ਨਗਰ ਵਿਖੇ ਵੇਖਣ ਨੂੰ ਮਿਲਿਆ, ਜਿੱਥੋ ਦੇ ਇੱਕ ਲੜਕੇ ਨੇ ਆਪਣੀ ਬਰਾਤ ਟਰੈਕਟਰ ‘ਤੇ ਲਿਜਾ ਕੇ ਖੇਤਾਂ ਦਾ ਰਾਜਾ ਕਹੇ ਜਾਣ ਵਾਲੇ ਟਰੈਕਟਰ ਪ੍ਰਤੀ ਪਿਆਰ ਅਤੇ ਸੰਜੀਦਗੀ ਦਾ ਪ੍ਰਗਟਾਵਾ ਕੀਤਾ ਹੈ।
ਨੀਲੇ ਰੰਗ ਦਾ ਟਰੈਕਟਰ ਸਜਿਆ ਦੁਲਹਨ ਵਾਂਗ
ਇਸ ਦੌਰਾਨ ਲਾੜਾ ਨੀਲੇ ਰੰਗ ਦੇ ਟਰੈਕਟਰ ‘ਤੇ ਲਾਲ ਅਤੇ ਕਰੀਮ ਰੰਗੀ ਸ਼ੇਰਵਾਨੀ ਪਾਈ ਰਾਜੇ ਵਰਗਾ ਰੌਬ ਪਾ ਰਿਹਾ ਸੀ ਅਤੇ ਦੁਲਹਨ ਵਾਂਗ ਸਜਿਆ ਨੀਲੇ ਰੰਗ ਦਾ ਟਰੈਕਟਰ ਵੀ ਲੋਕਾਂ ਦੀ ਖਿੱਚ ਦਾ ਕਾਰਨ ਬਣ ਰਿਹਾ ਸੀ। ਟਰੈਕਟਰ ‘ਤੇ ਬਰਾਤ ਲਿਜਾਣ ਦਾ ਜਲੰਧਰ ਸ਼ਹਿਰ ਵਿੱਚ ਇਹ ਪਹਿਲਾ ਮਾਮਲਾ ਹੈ, ਜਿਸ ਕਾਰਨ ਲੋਕ ਇਸ ਅਨੋਖੀ ਬਰਾਤ ਨੂੰ ਕੰਧਾ ‘ਤੇ ਚੜ੍ਹ-ਚੜ੍ਹ ਵੇਖ ਰਹੇ ਸਨ।
ਕੀ ਕਹਿਣਾ ਹੈ ਪਰਿਵਾਰ ਦਾ...
ਇਸ ਦੌਰਾਨ ਲੜਕੇ ਦੇ ਚਾਚਾ ਨੇ ਇਸ ਅਨੌਖੇ ਵਿਆਹ ਦੇ ਬਾਰੇ ’ਚ ਦੱਸਦਿਆ ਕਿਹਾ ਕਿ, ਲੜਕੇ ਦੀ ਇਸ ਤਰ੍ਹਾਂ ਦੀ ਬਰਾਤ ਲੈ ਕੇ ਜਾਣ ਦੀ ਇੱਛਾ ਸੀ, ਜਿਸ ਕਾਰਨ ਲੜਕੇ ਨੇ ਟਰੈਕਟਰ ਨੂੰ ਸਜਾ ਕੇ ਇਸ ਅਨੋਖੇ ਵਿਆਹ ਦਾ ਹਿੱਸਾ ਬਣਾਇਆ। ਲੜਕੇ ਦੇ ਚਾਚਾ ਜਗਜੀਤ ਸਿੰਘ ਅਨੁਸਾਰ ਲੜਕਾ ਅਤੇ ਲੜਕੀ ਬੇਸ਼ਕ ਪਲੇ-ਪੜ੍ਹੇ ਸ਼ਹਿਰੀ ਤੌਰ-ਤਰੀਕੇ ‘ਚ ਹਨ ਪਰ ਇਹ ਦੋਵੇ ਹਮੇਸ਼ਾਂ ਤੋਂ ਹੀ ਆਪਣੇ ਪਿੰਡ ਦੀ ਮਿੱਟੀ ਨਾਲ ਜੁੜੇ ਰਹੇ ਹਨ। ਇਸ ਕਾਰਨ ਇਨ੍ਹਾਂ ਨੇ ਇਹ ਅਨੋਖਾ ਕਾਰਜ ਰਚਾਇਆ ਹੈ।
ਇਸ ਦੌਰਾਨ ਲੜਕੀ ਦੇ ਮਾਤਾ-ਪਿਤਾ ਨੇ ਦੱਸਿਆ ਕਿ, ਲੜਕੀ ਵੀ ਲੜਕੇ ਦੀ ਤਰ੍ਹਾਂ ਪਿੰਡਾਂ ਅਤੇ ਜ਼ਮੀਨ ਨਾਲ ਜੁੜੀ ਰਹੀ ਹੈ। ਇਸ ਕਾਰਨ ਦੋਹਾਂ ਦੀ ਸਹਿਮਤੀ ਨਾਲ ਹੀ ਟਰੈਕਟਰ ‘ਤੇ ਬਰਾਤ ਲਿਆਉਣੀ ਸੰਭੰਵ ਹੋਈ ਹੈ।


