Online Desk/Living India News: ਆਪਣੇ ਦੂਜੇ ਕਾਰਜਕਾਲ ਦਾ ਪਹਿਲਾ ਬਜਟ ਜਨਤਾ ਦੇ ਸਾਹਮਣੇ ਰੱਖਿਆ ਗਿਆ ਹੈ। ਇਸ ਬਜਟ ਵਿੱਚ ਕਿਸਾਨਾਂ, ਸਨਅਤਕਾਰਾਂ ਅਤੇ ਹੋਰਨਾਂ ਵਰਗਾਂ ਲਈ ਸਹੂਲਤਾਂ ਦੀ ਵੱਡੀ ਗੱਲ ਕਹੀ ਗਈ ਹੈ। ਦਾਅਵੇ ਵੱਡੇ-ਵੱਡੇ ਕੀਤੇ ਗਏ ਹਨ। ਗੱਲ ਸ਼ੁਰੂ ਕਰਦੇ ਹਾਂ ਕਿ ਕਿਸਾਨਾਂ ਲਈ ਕੀ ਕੀਤਾ ਗਿਆ ਹੈ। ਤਾਂ ਕਿਸਾਨਾਂ ਲਈ ਇਸ ਬਜਟ ਵਿੱਚ 16 ਸੂਤਰੀ ਯੋਜਨਾ ਤਿਆਰ ਕੀਤੀ ਗਈ ਹੈ। ਯਾਨਿ ਆਮ ਸ਼ਬਦਾਂ ਵਿੱਚ ਕਹਿ ਸਕਦੇ ਹਾਂ ਕਿਸਾਨਾਂ ਲਈ ਸਰਕਾਰ ਨੇ 16 ਬਿੰਦੂ ਤਿਆਰ ਕੀਤੇ ਹਨ, ਜਿਨ੍ਹਾਂ ਉਤੇ ਇਸ ਵਿੱਤੀ ਵਰ੍ਹੇ ਦੌਰਾਨ ਸਰਕਾਰ ਕਿਸਾਨ ਲਈ ਕੰਮ ਕਰੇਗੀ। ਇਨ੍ਹਾਂ ਵਿੱਚੋਂ ਸਭ ਤੋਂ ਵੱਡਾ ਦਾਅਵਾ ਕੀਤਾ ਗਿਆ ਹੈ ਕਿ ਪਾਣੀ ਦੀ ਕਿੱਲਤ ਨੂੰ ਵੇਖਦੇ ਹੋਏ ਦੇਸ਼ ਦੇ 100 ਜਿਲਿਆਂ ਵਿੱਚ ਵੱਡੀਆਂ ਯੋਜਨਾਵਾਂ ਚਲਾਈਆਂ ਜਾਣਗੀਆਂ ਤਾਂ ਜੋ ਕਿਸਾਨਾਂ ਨੂੰ ਪਾਣੀ ਦੀ ਦਿੱਕਤ ਨਾ ਹੋਵੇ।
ਪ੍ਰਧਾਨ ਮੰਤਰੀ ਕੁਸੁਮ ਸਕੀਮ ਤਹਿਤ ਟਿਊਬਵੈਲਾਂ ਨੂੰ ਸੋਲਰ ਐਨਰਜੀ ਨਾਲ ਜੋੜਿਆ ਜਾਵੇਗਾ ਜਿਸ ਨਾਲ 20 ਲੱਖ ਕਿਸਾਨਾਂ ਨੂੰ ਫਾਇਦਾ ਹੋਵੇਗਾ। ਇਸ ਤੋਂ ਇਲਾਵਾ 15 ਲੱਖ ਕਿਸਾਨਾਂ ਦੇ ਗ੍ਰਿਡ ਪੰਪ ਨੂੰ ਵੀ ਸੋਲਰ ਨਾਲ ਜੋੜਿਆ ਜਾਵੇਗਾ। ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਉਤੇ ਖਾਸ ਧਿਆਨ ਦਿੱਤਾ ਜਾਵੇਗਾ ਅਤੇ ਕਿਸਾਨਾਂ ਨੂੰ ਰਸਾਇਣਿਕ ਖਾਦਾਂ ਦੇ ਘੱਟ ਇਸਤੇਮਾਲ ਲਈ ਪ੍ਰੇਰਿਆ ਜਾਵੇਗਾ। ਇਸ ਤੋਂ ਇਲਾਵਾ ਮਹਿਲਾ ਕਿਸਾਨਾਂ ਲਈ ਧੰਨ ਲਕਸ਼ਮੀ ਯੋਜਨਾ ਦਾ ਐਲਾਨ ਕੀਤਾ ਗਿਆ ਹੈ, ਜਿਸਦੇ ਤਹਿਤ ਬੀਜ ਨਾਲ ਜੁੜੀਆਂ ਯੋਜਨਾਵਾਂ ਵਿੱਚ ਔਰਤਾਂ ਨੂੰ ਜੋੜਿਆ ਜਾਵੇਗਾ। ਦੁੱਧ, ਮਾਸ, ਮੱਛੀ ਸਮੇਤ ਛੇਤੀ ਖਰਾਬ ਹੋਣ ਵਾਲੀਆਂ ਚੀਜਾਂ ਨੂੰ ਬਚਾਉਣ ਲਈ ਏਅਰਕੰਡੀਸ਼ਨ ਕਿਸਾਨ ਰੇਲ ਕੋਚ ਚਲਾਏ ਜਾਣਗੇ। ਦੁੱਧ ਦੇ ਉਤਪਾਦਨ ਨੂੰ ਦੁੱਗਣਾ ਕਰਨ ਲਈ ਸਰਕਾਰ ਵੱਲੋਂ ਯੋਜਨਾ ਸ਼ੁਰੂ ਕੀਤੀ ਜਾਵੇਗੀ, ਜਿਸਦੇ ਤਹਿਤ 2025 ਤੱਕ ਦੁੱਧ ਉਤਪਾਦਨ ਨੂੰ ਦੁੱਗਣਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਕਿਸਾਨ ਕ੍ਰੈਡਿਟ ਕਾਰਡ ਯੋਜਨਾ ਨੂੰ 2021 ਤੱਕ ਵਧਾ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਨੂੰ ਦੀਨ ਦਿਆਲ ਯੋਜਨਾ ਦੇ ਤਹਿਤ ਵਧਾਇਆ ਜਾਵੇਗਾ। ਇਸ ਤੋਂ ਇਲਾਵਾ ਜੇਕਰ ਰੇਲਵੇ ਦੀ ਗੱਲ ਕਰੀਏ ਤਾਂ ਬਜਟ ਵਿੱਚ ਰੇਲਵੇ ਲਈ ਕਈ ਵੱਡੇ ਐਲਾਨ ਕੀਤੇ ਹਨ। ਵਿੱਤ ਮੰਤਰੀ ਨੇ ਕਿਹਾ ਕਿ ਰੇਲਵੇ ਵਿੱਚ ਕਮਾਈ ਬਹੁਤ ਘੱਟ ਹੈ, ਜਿਸ ਕਾਰਨ ਸੂਰਜੀ ਉਰਜਾ ਤਿਆਰ ਕਰਨ ਲਈ ਰੇਲਵੇ ਦੀ ਜ਼ਮੀਨ ਦਾ ਇਸਤੇਮਾਲ ਕੀਤਾ ਜਾਵੇਗਾ। ਦੇਸ਼ ਅੰਦਰ ਤੇਜਸ ਵਰਗੀਆਂ ਹੋਰ ਟ੍ਰੇਨਾਂ ਚਲਾਈਆਂ ਜਾਣਗੀਆਂ ਅਤੇ ਇਨ੍ਹਾਂ ਦੇ ਜ਼ਰੀਏ ਸੈਰ-ਸਪਾਟੇ ਵਾਲੀਆਂ ਥਾਵਾਂ ਨਾਲ ਜੋੜਿਆ ਜਾਵੇਗਾ। 550 ਰੇਲਵੇ ਸਟੇਸ਼ਨਾਂ ਉਤੇ ਵਾਈਫਾਈ ਦੀ ਸਹੂਲਤ ਮੁਹੱਈਆ ਹਨ। ਦੇਸ਼ ਭਰ ਵਿੱਚ ਮਨੁੱਖ ਰਹਿਤ ਰੇਲਵੇ ਕ੍ਰਾਸਿੰਗ ਨੂੰ ਖਤਮ ਕਰ ਦਿੱਤਾ ਗਿਆ ਹੈ। 27 ਹਜਾਰ ਕਿੱਲੋਮੀਟਰ ਟ੍ਰੈਕ ਦਾ ਇਲੈਕਟ੍ਰੀਫਿਕੇਸ਼ ਕੀਤਾ ਜਾਵੇਗਾ। ਰੇਲ ਪਟਰੀ ਦੇ ਕਿਨਾਰਿਆਂ ਉਤੇ ਸੋਲਰ ਪਾਵਰ ਗਰਿੱਡ ਬਣਾਉਣ ਦਾ ਪਲਾਨ ਬਣਾਇਆ ਜਾ ਰਿਹਾ ਹੈ। 148 ਕਿੱਲੋਮੀਟਰ ਬੇਂਗਲੁਰੂ ਉਪਨਗਰੀ ਟ੍ਰੇਨ ਸਿਸਟਮ ਬਣੇਗਾ, ਜਿਸ ਉਤੇ ਕੁੱਲ 18 ਹਜਾਰ 600 ਕਰੋੜ ਰੁਪਇਆ ਖਰਚ ਆਏਗਾ, ਜਿਸ ਵਿੱਚ 25 ਫੀਸਦੀ ਰਾਸ਼ੀ ਕੇਂਦਰ ਸਰਕਾਰ ਦੇਵੇਗੀ। ਬਜਟ ਨੂੰ ਲੈ ਕੇ ਲੋਕਾਂ ਦੀ ਤਿਰਛੀ ਨਜ਼ਰ ਇੰਕਮ ਟੈਕਸ ਸੈਲਾਬ ਉਤੇ ਹੁੰਦੀ ਹੈ। ਬਜਟ ਵਿੱਚ ਕੇਂਦਰੀ ਵਿੱਤ ਮੰਤਰੀ ਨੇ ਇਨਕਮ ਟੈਕਸ ਦੀਆਂ ਦਰਾਂ ਵਿੱਚ ਵੱਡਾ ਬਦਲਾਅ ਕੀਤਾ ਹੈ।
ਇਸ ਵਾਰੇ ਦੇ ਬਜਟ ਵਿੱਚ ਮਿਡਲ ਕਲਾਸ ਸਮੇਤ ਹਰ ਵਰਗ ਨੂੰ ਰਾਹਤ ਦਿੱਤੀ ਗਈ ਹੈ… ਹਾਲਾਂਕਿ ਨਵੀਂ ਇਨਕਮ ਟੈਕਸ ਛੂਟ ਦੇ ਨਾਲ ਇੱਕ ਪੇਚ ਵੀ ਜੁੜਿਆ ਹੋਇਆ ਹੈ। ਪਹਿਲਾਂ ਤੁਹਾਨੂੰ ਦੱਸਦੇ ਹਾਂ ਕਿ ਰਿਆਇਤਾਂ ਕੀ ਹਨ। ਨਵੇਂ ਟੈਕਸ ਸਲੈਬ ਦੇ ਮੁਤਾਬਿਕ 5 ਲੱਖ ਤੱਕ ਕੋਈ ਟੈਕਸ ਨਹੀਂ। 5 ਲੱਖ ਤੋਂ ਸਾਢੇ ਸੱਤ ਲੱਖ ਤੱਕ ਦੀ ਆਮਦਨ ਵਾਲਿਆਂ ਨੂੰ 20 ਫੀਸਦੀ ਦੇ ਮੁਕਾਬਲੇ 10 ਫੀਸਦੀ ਦੇ ਹਿਸਾਬ ਨਾਲ ਟੈਕਸ ਅਦਾ ਕਰਨਾ ਪਵੇਗਾ। ਉਥੇ ਹੀ ਜਿਨ੍ਹਾਂ ਦੀ ਆਮਦਨ ਸਾਢੇ 7 ਲੱਖ ਤੋਂ 10 ਲੱਖ ਹੈ, ਉਨ੍ਹਾਂ ਨੂੰ 15 ਫੀਸਦੀ ਦੀ ਦਰ ਨਾਲ ਹੀ ਟੈਕਸ ਭਰਨਾ ਪਵੇਗਾ। ਪਰ ਇਸਦੇ ਨਾਲ ਹੀ ਇੱਕ ਸ਼ਰਤ ਵੀ ਲਗਾ ਦਿੱਤੀ ਗਈ ਹੈ।
ਜੇਕਰ ਤੁਸੀਂ ਨਵੀਂ ਦਰਾਂ ਦੇ ਹਿਸਾਬ ਨਾਲ ਟੈਕਸ ਅਦਾ ਕਰਦੇ ਹੋ ਤਾਂ ਤੁਹਾਨੂੰ ਟੈਕਸ ਵਿੱਚ ਮਿਲਣ ਵਾਲੀਆਂ ਲਗਭਗ 70 ਰਿਆਇਤਾਂ ਨੂੰ ਛੱਡਣਾ ਪਵੇਗਾ। ਪਹਿਲਾਂ ਬੀਮਾ, ਨਿਵੇਸ਼, ਘਰ ਦੇ ਕਿਰਾਏ, ਮੈਡੀਕਲ, ਬੱਚਿਆਂ ਦੀ ਸਕੂਲ ਵਰਗੀਆਂ ਕੁੱਲ 70 ਰਿਆਇਤਾਂ ਮਿਲਦੀਆਂ ਸਨ ਅਤੇ ਇਨ੍ਹਾਂ ਸਾਰੇ ਖਰਚਿਆਂ ਅਤੇ ਨਿਵੇਸ਼ ਦੀ ਜਾਣਕਾਰੀ ਦੇਣ ਉਤੇ ਟੈਕਸ ਵਿੱਚ ਛੋਟ ਦਿੱਤੀ ਜਾਂਦੀ ਸੀ। ਨਵੀਂਆਂ ਦਰਾਂ ਵਿੱਚ ਟੈਕਸ ਦੇਣ ਵਾਲਿਆਂ ਨੂੰ ਨਵੇਂ ਜਾਂ ਪੁਰਾਣੇ ਕਿਸੇ ਇੱਕ ਵਿਕਲਪ ਨੂੰ ਟੈਕਸ ਅਦਾ ਕਰਨ ਲਈ ਚੁਣਨਾ ਪੈਣਾ ਹੈ। ਸਧਾਰਣ ਰੂਪ ਵਿੱਚ ਗੱਲ ਕਰੀਏ ਤਾਂ ਜੇਕਰ ਤੁਸੀਂ ਪੁਰਾਣੀਆਂ ਦਰਾਂ ਦੇ ਹਿਸਾਬ ਨਾਲ ਟੈਕਸ ਅਦਾ ਕਰਦੇ ਹੋ ਤਾਂ ਤੁਸੀਂ ਇਨਕਮ ਟੈਕਸ ਵਿੱਚ ਮਿਲਣ ਵਾਲੀਆਂ ਸਾਰੀਆਂ ਰਿਆਇਤਾਂ ਦਾ ਫਾਇਦਾ ਚੁੱਕ ਸਕਦੇ ਹੋ ਅਤੇ ਜੇਕਰ ਤੁਸੀਂ ਨਵੀਆਂ ਐਲਾਨੀਆਂ ਦਰਾਂ ਦੇ ਹਿਸਾਬ ਨਾਲ ਟੈਕਸ ਭਰਨ ਦਾ ਵਿਕਲਪ ਚੁਣਦੇ ਹੋ ਤਾਂ ਤੁਹਾਨੂੰ ਸਾਰੀਆਂ ਰਿਆਇਤਾਂ ਛੱਡਣੀਆਂ ਹੋਣਗੀਆਂ। ਹੁਣ ਇਹ ਤਾਂ ਟੈਕਸ ਅਦਾ ਕਰਨ ਵਾਲੇ ਹੀ ਚੋਣ ਕਰਨਗੇ ਕਿ ਉਨ੍ਹਾਂ ਨੇ ਕਿਹੜੇ ਵਿਕਲਪ ਅਨੁਸਾਰ ਚੋਣ ਕਰਨੀ ਹੈ।
Chat conversation end




