ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਰਾਜਧਾਨੀ ਦਿੱਲੀ ਵਿੱਚ 26 ਜਨਵਰੀ ਨੂੰ ਮਨਾਏ ਜਾਣ ਵਾਲੇ ਗਣਤੰਤਰ ਦਿਵਸ ਸੰਬੰਧੀ ਦਿੱਲੀ ਦੀ ਪੁਲਿਸ ਵਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਦਿੱਲੀ ਦੇ ਰਾਜਪਥ ਤੋਂ ਲਾਲ ਕਿਲੇ ਤੱਕ ਪਰੇਡ ਦੌਰਾਨ ਪੁਲਿਸ ਅਤੇ ਸੁਰੱਖਿਆ ਫੋਰਸ ਦੀ ਬਾਜ ਵਾਲੀ ਅੱਖ ਹਰ ਸ਼ੱਕੀ ‘ਤੇ ਰਹਿਣ ਵਾਲੀ ਹੈ। ਇਸ ਬਾਬਤ ਜਾਣਕਾਰੀ ਦਿੰਦਿਆਂ ਨਵੀਂ ਦਿੱਲੀ ਦੇ ਡੀਐਸਪੀ ਈਸ਼ਰ ਸਿੰਘਲ ਨੇ ਕਿਹਾ ਕਿ, ਦਿੱਲੀ ਵਿੱਚ ਗਣਤੰਤਰ ਦਿਵਸ ਦੇ ਮੱਦੇਨਜ਼ਰ ਸੁਰੱਖਿਆ ਕੇ ਪੂਰੇ ਪ੍ਰਬੰਧ ਹਨ। ਇਸ ਦੌਰਾਨ ਸੁਰੱਖਿਆ ਦੇ ਕਰੀਬ 10,000 ਜਵਾਨ ਤੈਨਾਤ ਰਹਿਣਗੇ।
ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ, ਬ੍ਰਾਜੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨੋਰੋ ਦੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣ ਕਾਰਨ ਸੁਰੱਖਿਆ ਵਿੱਚ ਜ਼ਰਾ ਜਿੰਨੀ ਵੀ ਚੂਕ ਨਹੀ ਛੱਡੀ ਜਾ ਰਹੀ। ਇਸ ਦੌਰਾਨ ਸਨਾਇਪਰ ਅਤੇ ਸ਼ਾਰਪਸ਼ੂਟਰਾਂ ਨੂੰ ਵੀ ਲਾਲ ਕਿਲੇ ਅਤੇ ਰਾਜਪਥ ਨਾਲ ਲੱਗਦੀਆਂ ਉੱਚੀਆਂ ਇਮਾਰਤਾਂ ‘ਤੇ ਬੈਠ ਨਿਗਾਹ ਰੱਖਣ ਲਈ ਤੈਨਾਤ ਕੀਤਾ ਗਿਆ ਹੈ। ਇਸ ਦੌਰਾਨ ਸੁਰੱਖਿਆਂ ਦਸਤਿਆਂ ਵਿੱਚ ਟੈਕਨੋਲੋਜੀ ਦਾ ਵੀ ਪੂਰਨ ਇਸਤੇਮਾਲ ਕੀਤਾ ਗਿਆ ਹੈ।
ਸੁਰੱਖਿਆ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਕਿਹਾ ਕਿ, ਸੁਰੱਖਿਆ ਦੇ ਮੱਦੇਨਜ਼ਰ ਲਾਲ ਕਿਲ੍ਹਾ, ਯਮੁਨਾ ਨਗਰ ਅਤੇ ਚਾਂਦਨੀ ਚੌਕ ਦੇ ਇਲਾਕਿਆਂ ਵਿੱਚ ਕੈਮਰੇ ਅਤੇ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ। ਇਸ ਦੌਰਾਨ ਪੁਲਿਸ ਨੇ ਹਰ ਸ਼ਖਸ ਦੀ ਪਹਿਚਾਣ ਲਈ ਫੇਸ ਸਕੈਨ ਸਿਸਟਮ ਵੀ ਲਗਾਇਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸੁਰੱਖਿਆ ਦੇ ਲਿਹਾਜ ਨਾਲ 50 ਦੇ ਕਰੀਬ ਅਰਧ-ਸੈਨਿਕ ਬਲ ਦਸਤਿਆਂ ਦੀਆਂ ਕੰਪਨੀਆਂ ਨੂੰ ਵੀ ਰਾਜਧਾਨੀ ਵਿੱਚ ਤੈਨਾਤ ਕੀਤਾ ਗਿਆ ਹੈ। ਰਾਜਧਾਨੀ ਵਿੱਚ ਹਰ ਸ਼ੱਕੀ ਦੀ ਤਲਾਸ਼ੀ ਕੀਤੀ ਜਾ ਰਹੀ ਹੈ।
ਮੁੰਬਈ ਅਤੇ ਜੰਮੂ-ਕਸ਼ਮੀਰ ਦੀ ਸੁਰੱਖਿਆ ਰਿਪੋਰਟ…..
ਗਣਤੰਤਰ ਦਿਵਸ ਦੇ ਮੱਦੇਨਜ਼ਰ ਮੁੰਬਈ ਸ਼ਹਿਰ ‘ਚ ਸੁਰੱਖਿਆ ਦਸਤੇ ਪੂਰੀ ਤਰ੍ਹਾਂ ਤਾਇਨਾਤ ਹਨ। ਪੁਲਿਸ ਅਤੇ ਫੌਜੀ ਦਸਤਿਆਂ ਨੇ ਆਪਣੀਆਂ ਡਿਉਟੀਆਂ ਸੰਭਾਲ ਲਈਆਂ ਹਨ। ਹਰ ਸ਼ੱਕੀ ਦੀ ਤਲਾਸ਼ੀ ਲਈ ਜਾ ਰਹੀ ਹੈ। ਜੰਮੂ-ਕਸ਼ਮੀਰ ਵਿੱਚ ਧਾਰਾ 370 ਹਟੱਣ ਤੋਂ ਬਾਅਦ ਇਹ ਪਹਿਲਾ ਗਣਤੰਤਰ ਦਿਵਸ ਹੈ।
ਇਸ ਕਾਰਨ ਸੁਰੱਖਿਆ ਦੇ ਲਿਹਾਜ ਨਾਲ ਸੁਰੱਖਿਆ ਦਸਤੇ ਜੰਮੂ-ਕਸ਼ਮੀਰ ਵਿੱਚ ਕੋਈ ਵੀ ਗੜਬੜੀ ਜਾਂ ਖਾਮੀ ਨਹੀ ਆਉਣ ਦੇਣਗੇ। ਜੰਮੂ-ਕਸ਼ਮੀਰ ਦੇ ਜਿਸ ਸਟੇਡੀਅਮ ਵਿੱਚ ਗਣਤੰਤਰ ਦਿਵਸ ਮਨਾਇਆ ਜਾਣਾ ਹੈ, ਉਸ ਸਟੇਡੀਅਮ ਦੀ ਵੀ ਸਖ਼ਤ ਸੁਰੱਖਿਆ ਕੀਤੀ ਗਈ ਹੈ।


