ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪਿਛਲੇ ਕੁਝ ਸਾਲਾਂ ‘ਚ ਦੇਸ਼ ਵਿੱਚ ਜਿਨਸੀ ਸੋਸ਼ਣ ਦੇ ਵਧੇਰੇ ਮਾਮਲੇ ਸਾਹਮਣੇ ਆਉਂਣ ‘ਤੇ ਵੀ ਪੰਜਾਬ ਯੂਨੀਵਰਸਿਟੀ ‘ਚ ਇਸ ਬਾਰੇ ਕੋਈ ਗੰਭੀਰਤਾ ਦੇਖਣ ਨੂੰ ਨਹੀਂ ਮਿਲੀ ਹੈ। ਯੂਨੀਵਰਸਿਟੀ ਦਾ ਅਸਲ ਸੱਚ ਤਾਂ ਇਹ ਹੈ ਕਿ, ਯੂਨੀਵਰਸਿਟੀ ਦੇ ਕਿਸੇ ਵੀ ਨੋਟਿਸ ਬੋਰਡ ‘ਤੇ ਇਸ ਬਾਰੇ ਕੋਈ ਜਾਣਕਾਰੀ ਵੀ ਸਾਂਝੀ ਨਹੀਂ ਕੀਤੀ ਹੋਈ ਹੈ। ਹੁਣ ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ (ਆਈਕਿਯੂਏਸੀ) ਵਲੋਂ ਇਨ੍ਹਾਂ ਵਿਭਾਗਾਂ ਨੂੰ ਨੋਟਿਸ ਭੇਜਣ ਦੀਆਂ ਤਿਆਰੀਆਂ ਕੀਤੀ ਜਾ ਰਹੀਆਂ ਹਨ।
ਪਹਿਲਾਂ ਨੋਟਿਸ ਵੀ ਦਿੱਤੇ ਗਏ ਸਨ, ਪਰ ਕੁਝ ਵਿਭਾਗਾਂ ਨੇ ਹੀ ਇਸ ਨੂੰ ਲਾਗੂ ਕੀਤਾ ਸੀ। ਕੁਝ ਮਹੀਨੇ ਪਹਿਲਾਂ ਦਿੱਤੇ ਗਏ ਨੋਟਿਸ ਵਿੱਚ ਆਈਕਿਯੂਏਸੀ ਨੇ ਕਿਹਾ ਸੀ ਕਿ, ਦੇਸ਼ ਦੇ ਕਈ ਵਿਦਿਅਕ ਅਦਾਰਿਆਂ ਵਿੱਚ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਨੂੰ ਧਿਆਨ ਵਿਚ ਰੱਖਦਿਆਂ, ਹਰ ਵਿਦਿਅਕ ਸੰਸਥਾ ਨੂੰ ਜਾਗਰੂਕਤਾ ਲਈ ਆਪਣਾ ਸਾਹਿਤ, ਸ਼ਿਕਾਇਤ ਸੈੱਲ ਦਾ ਨਾਮ ਅਤੇ ਮੋਬਾਈਲ ਨੰਬਰ ਆਦਿ ਲਗਾਉਂਣੇ ਸੀ, ਪਰ ਅਜਿਹਾ ਨਹੀਂ ਕੀਤਾ ਗਿਆ।
ਡੈਂਟਲ ਇੰਸਟੀਚਿਉਟ ਦੇ ਡਾਕਟਰ ‘ਤੇ ਦੋਸ਼
2018 ਵਿੱਚ, ਪੀਯੂ ਦੇ ਡੈਂਟਲ ਇੰਸਟੀਚਿਉਟ ਵਿੱਚ ਇੱਕ ਡਾਕਟਰ ਉੱਤੇ ਜਿਨਸੀ ਸੋਸ਼ਣ ਦਾ ਦੋਸ਼ ਲਗਾਇਆ ਗਿਆ ਸੀ। ਵਿਦਿਆਰਥੀਆਂ ਨੇ ਇਸ ਮੁੱਦੇ ਨੂੰ ਪ੍ਰਮੁੱਖਤਾ ਨਾਲ ਚੁੱਕਿਆ ਅਤੇ ਵਿਰੋਧ ਪ੍ਰਦਰਸ਼ਨ ਵੀ ਕੀਤੇ। ਇਸ ਤੋਂ ਬਾਅਦ, ਜਾਂਚ ਹੋਈ ਅਤੇ ਆਖਰਕਾਰ ਸਖਤ ਕਾਰਵਾਈ ਕਰਦਿਆਂ ਡਾਕਟਰ ਨੂੰ ਉਸਦੀ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਇਸ ਦੌਰਾਨ ਪੀਯੂ ਦੀ ਇਕ ਮਹਿਲਾ ਅਧਿਕਾਰੀ ਦੇ ਬੇਟੇ ‘ਤੇ ਵੀ ਜਿਨਸੀ ਸੋਸ਼ਣ ਦੇ ਦੋਸ਼ ਲਗਾਏ ਗਏ ਸਨ। ਕੁਝ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀਯੂ ਪ੍ਰਸ਼ਾਸਨ ਗੰਭੀਰ ਦਿਖਾਈ ਦਿੱਤਾ ਪਰ 60 ਵਿਭਾਗ ਅਜਿਹੇ ਹਨ, ਜਿਸ ਵਿੱਚ ਇਸ ਬਾਰੇ ਕੋਈ ਜਾਣੂ ਨਹੀਂ।


