ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਵਿੱਚ ਵੱਡੇ ਪੱਧਰ ‘ਤੇ ਗੈਰ ਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਹੈ, ਜਿਸ ਚੱਲਦਿਆ ਪੰਜਾਬ ਸਰਕਾਰ ਵਲੋਂ ਠੋਸ ਕਦਮ ਚੁੱਕੇ ਜਾਣ ਦੀ ਲੋੜ ਹੈ। ਇਹ ਜਾਣਨ ਦੀ ਲੋੜ ਹੈ ਕਿ, ਗੈਰ ਕਾਨੂੰਨੀ ਮਾਈਨਿੰਗ ਕਰਨ ਦਾ ਵੱਡਾ ਕਾਰਨ ਕੀ ਹੈ? ਕੁਝ ਲੋਕਾਂ ਵਲੋਂ ਕੀਤੀ ਜਾ ਰਹੀ ਗੈਰ ਕਾਨੂੰਨੀ ਮਾਈਨਿੰਗ ਵਾਤਾਵਰਣ ਨੂੰ ਵਿਗਾੜ ਰਹੀ ਹੈ, ਜਿਸ ਨੂੰ ਤੁਰੰਤ ਰੋਕਣ ਦੀ ਜ਼ਰੂਰਤ ਹੈ।
ਪੰਜਾਬ ਅਤੇ ਹਰਿਆਣਾ ਵਲੋਂ ਵਾਤਾਵਰਣ ਨੂੰ ਸੁਰੱਖਿਅਤ ਕਰਨ ਸੰਬੰਧੀ ਇੱਕ ਆਯੋਜਿਤ ਬੈਠਕ ਵਿੱਚ ਪਹੁੰਚੇ ਆਦਰਸ਼ ਕੁਮਾਰ ਗੋਇਲ, ਚੇਅਰਮੈਨ, ਨੈਸ਼ਨਲ ਗ੍ਰੀਨ ਟ੍ਰਿਬਿਉਨਲ ਨੇ ਕਿਹਾ ਕਿ, ਸੈਂਕੜੇ ਟਰੱਕ ਅਤੇ ਟਰਾਲੀਆਂ ਮਾਈਨਿੰਗ ਮਾਫੀਆ ਨੂੰ ਚਲਾਉਣ ਵਾਲੀਆਂ ਮਾਈਨਿੰਗ ਸਾਈਟਾਂ ਤੋਂ ਰੇਤਾ ਕੱਢ ਰਹੀਆਂ ਹਨ ਅਤੇ ਰੇਤਾ ਮਾਫਿਆ ਨੂੰ ਵੇਚੀਆ ਜਾ ਰਿਹਾ ਹੈ। ਰਾਜ ਦੇ ਸਿਆਸਤਦਾਨ ਅਤੇ ਅਧਿਕਾਰੀ ਦੋਵੇਂ ਇਸ ਲਈ ਜ਼ਿੰਮੇਵਾਰ ਹਨ।
ਪ੍ਰਦੂਸ਼ਣ ਲਈ ਕੌਂਣ ਜਿੰਮੇਵਾਰ – ਐਨਜੀਟੀ ਚੇਅਰਮੈਨ
ਆਦਰਸ਼ ਕੁਮਾਰ ਗੋਇਲ ਨੇ ਸਪੱਸ਼ਟ ਕੀਤਾ ਕਿ, ਪੰਜਾਬ ਦਿੱਲੀ ਵਿੱਚ ਵੱਧ ਰਹੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਨਹੀਂ ਹੈ, ਕਿਉਂਕਿ ਇਨ੍ਹਾਂ ਦਿਨਾਂ ਵਿੱਚ ਰਾਜ ਵਿੱਚ ਕੋਈ ਪਰਾਲੀ ਨਹੀਂ ਸਾੜੀ ਗਈ, ਫਿਰ ਵੀ ਦਿੱਲੀ ਵਿੱਚ ਪ੍ਰਦੂਸ਼ਣ ਹੈ, ਜਿਸ ਦਾ ਕਾਰਨ ਉੱਥੇ ਘਰਾਂ ਵਿਚ ਚੱਲ ਰਹੀਆਂ ਛੋਟੀਆਂ ਫੈਕਟਰੀਆਂ ਹਨ। ਪਲਾਸਟਿਕ ਨਾਲ ਜੁੜੀਆਂ ਚੀਜ਼ਾਂ ਵੀ ਤਿਆਰ ਕੀਤੀਆਂ ਜਾ ਰਹੀਆਂ ਹਨ, ਜੋ ਵੱਧ ਰਹੇ ਪ੍ਰਦੂਸ਼ਣ ਵਿੱਚ ਸਭ ਤੋਂ ਵੱਧ ਜਿੰਮੇਵਾਰ ਹਨ। ਐਨਜੀਟੀ ਅਜਿਹੇ ਲੋਕਾਂ ਖਿਲਾਫ ਜੁਰਮਾਨਾ ਵੀ ਲਗਾ ਰਹੀ ਹੈ।
ਕਿਸਾਨ ਜਾਗਰੂਕਤਾ ‘ਚ ਪੰਜਾਬ ਫੇਲ
ਆਦਰਸ਼ ਕੁਮਾਰ ਗੋਇਲ ਨੇ ਕਿਹਾ ਕਿ, ਮੈ ਕਈ ਕਿਸਾਨ ਭਰਾਵਾਂ ਨਾਲ ਮੁਲਾਕਤ ਕੀਤੀ, ਜਿਨ੍ਹਾਂ ਨੇ ਪਰਾਲੀ ਨਾ ਸਾੜਦਿਆਂ ਐਨਜੀਟੀ ਵਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਹੋਈ ਮੁਲਾਕਾਤ ‘ਚ ਇਹ ਸਪਸ਼ਟ ਹੋ ਗਿਆ ਹੈ ਕਿ, ਪੰਜਾਬ ਸਰਕਾਰ ਕਿਸਾਨਾਂ ਨੂੰ ਜਾਗਰੂਕ ਕਰਨ ‘ਚ ਫੇਲ ਸਾਬਿਤ ਹੋਈ ਹੈ। ਗੋਇਲ ਨੇ ਕਿਹਾ ਕਿ, ਇਸ ਸੰਬੰਧ ਵਿੱਚ ਮੈ ਰਾਜ ਦੇ ਮੁੱਖ ਸਕੱਤਰ ਨੂੰ ਸਪਸ਼ਟ ਤੌਰ ‘ਤੇ ਇਹ ਕਿਹਾ ਕਿ, ਕਿਸਾਨਾਂ ‘ਤੇ ਸਖ਼ਤ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਨੂੰ ਵਧੇਰੇ ਜਾਗਰੂਕ ਕਰਨ ਦੀ ਲੋੜ ਹੈ। ਪਰਾਲੀ ਨਾ ਸਾੜਨ ਨਾਲ ਖੇਤਾਂ ਦਾ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਵੇਗਾ, ਇਸ ਬਾਰੇ ਜਾਗਰੂਕਤਾ ਦੀ ਘਾਟ ਕਾਰਨ ਕਿਸਾਨਾਂ ਨੇ ਪਰਾਲੀ ਸਾੜੀ।
ਮੁੱਖ ਸਕੱਤਰਾਂ ਦੀ ਬੈਠਕ ਛੇਤੀ ਹੋਵੇਗੀ
ਉਨ੍ਹਾਂ ਕਿਹਾ ਕਿ, ਪ੍ਰਦੂਸ਼ਣ ਸੰਬੰਧੀ ਚੁੱਕੇ ਜਾ ਰਹੇ ਕਦਮਾਂ ਸਬੰਧੀ ਛੇਤੀ ਹੀ ਵੱਖ-ਵੱਖ ਸੂਬਿਆਂ ਦੇ ਮੁੱਖ ਸਕੱਤਰਾਂ ਦੀ ਮੀਟਿੰਗ ਸੱਦੀ ਜਾਵੇਗੀ। ਇਸ ਵਿੱਚ ਸੂਬੇ ਵੱਲੋਂ ਹੁਣ ਤੱਕ ਚੁੱਕੇ ਗਏ ਉਪਰਾਲੇ ਦੇ ਨਾਲ ਨਾਲ ਉਨ੍ਹਾਂ ਨੂੰ ਆਪਣੇ ਸੂਬੇ ਵਿੱਚ ਹੋਰ ਕਿਹੜੇ ਕਦਮ ਚੁੱਕਣੇ ਚਾਹੀਦੇ ਹਨ, ਇਸ ਬਾਰੇ ਜਾਣਕਾਰੀ ਲਈ ਜਾਵੇਗੀ। ਨਾਲ ਹੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।


