ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਵੈਨਕੂਵਰ, ਕੈਨੇਡਾ ਵਿੱਚ ਇੱਕ ਭਾਰਤੀ ਲੜਕੀ ਦਾ ਗੋਲੀ ਮਾਰ ਕੇ ਕਤਲ਼ ਕਰਨ ਦੀ ਘਟਨਾ ਸਾਹਮਣੇ ਆਈ ਹੈ। ਇਹ 21 ਸਾਲਾ ਪੰਜਾਬੀ ਲੜਕੀ ਪ੍ਰਭਲੀਨ ਕੌਰ ਵਰਕ ਪਰਮਿਟ ‘ਤੇ ਕੈਨੇਡਾ ਗਈ ਹੋਈ ਸੀ।
ਪੰਜਾਬ ਦੇ ਨਕੋਦਰ ਮਾਰਗ ‘ਤੇ ਪੈਂਦੇ ਲੰਬੜਾ ਨੇੜੇ ਚੱਟੀ ਪਿੰਡ ਦੀ ਵਸਨੀਕ ਪ੍ਰਭਲੀਨ ਕਾਰੋਬਾਰੀ ਪ੍ਰਬੰਧਨ ਦਾ ਕੋਰਸ ਪੂਰਾ ਕਰਨ ਤੋਂ ਬਾਅਦ ਵਰਕ ਪਰਮਿਟ’ ਤੇ ਕੈਨੇਡਾ ਗਈ ਹੋਈ ਸੀ ਅਤੇ ਇਕ ਸੰਸਥਾਨ ਵਿੱਚ ਨੌਕਰੀ ਕਰ ਰਹੀ ਸੀ। ਪੁਲਿਸ ਜਾਣਕਾਰੀ ਮੁਤਾਬਿਕ ਕਾਤਲ਼ ਉਸਦੇ ਕਮਰੇ ਵਿੱਚ ਦਾਖਲ ਹੋਇਆ ਅਤੇ ਫਾਇਰਿੰਗ ਕੀਤੀ ਤੇ ਫਰਾਰ ਹੋ ਗਿਆ। ਪੁਲਿਸ ਵਲੋਂ ਘਰ ਨੂੰ ਸੀਲ ਕਰ ਦਿੱਤਾ ਗਿਆ ਹੈ।
ਪੁਲਿਸ ਨੇ ਕਤਲ਼ ਦੀ ਅਧਿਕਾਰਤ ਜਾਣਕਾਰੀ ਪ੍ਰਭਲੀਨ ਕੌਰ ਦੇ ਪਿਤਾ ਗੁਰਦਿਆਲ ਮਠਾਰੂ ਨੂੰ ਦਿੱਤੀ ਹੈ। ਸਰੀ ਪੁਲਿਸ ਵਲੋਂ ਅਜੇ ਇਸ ਕਤਲ਼ ਸੰਬੰਧਿਤ ਕੋਈ ਖੁਲਾਸਾ ਨਹੀਂ ਕੀਤਾ ਹੈ ਕਿ, ਕਤਲ਼ ਕਿਉਂ ਅਤੇ ਕਿਵੇਂ ਕੀਤਾ ਗਿਆ ਹੈ? ਪ੍ਰਭਲੀਨ ਦੇ ਨਜ਼ਦੀਕੀ ਰਿਸ਼ਤੇਦਾਰਾਂ, ਜੋ ਕਿ ਕੈਨੇਡਾ ਵਿੱਚ ਹੀ ਹਨ, ਉਨ੍ਹਾਂ ਨੂੰ ਵੀ ਪੁਲਿਸ ਵੱਲੋਂ ਇਸ ਘਟਨਾ ਬਾਰੇ ਸੂਚਿਤ ਨਹੀਂ ਕੀਤਾ ਗਿਆ ਹੈ।
ਇਸ ਘਟਨਾ ਤੋਂ ਲਾਂਬੜਾ ਅਤੇ ਨੇੜਲੇ ਖੇਤਰਾਂ ‘ਚ ਸੋਗ ਸੋਗ ਛਾਇਆ ਹੋਇਆ ਹੈ। ਦੱਸ ਦਈਏ ਮ੍ਰਿਤਕ ਦੇ ਪਿਤਾ ਗੁਰਦਿਆਲ ਮਠਾਰੂ, ਲੰਬੇ ਸਮੇਂ ਤੋਂ ਫੋਟੋ ਪੱਤਰਕਾਰ ਵਜੋਂ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦਾ ਨਕੋਦਰ ਮਾਰਗ ‘ਤੇ ਲਾਂਬੜਾ ਬੱਸ ਅੱਡੇ ਨੇੜੇ ਇਕ ਫੋਟੋ ਸਟੂਡੀਓ ਵੀ ਹੈ। ਗੁਰਦਿਆਲ ਮਠਾਰੂ ਨੇ ਦੱਸਿਆ ਕਿ ਉਨ੍ਹਾਂ ਆਪਣੀ ਬੇਟੀ ਪ੍ਰਭਲੀਨ ਕੌਰ ਨੂੰ ਸਾਲ 2016 ਵਿੱਚ ਲੰਗਾਰਾ ਕਾਲਜ ਵਿੱਚ ਪੜ੍ਹਨ ਲਈ ਭੇਜਿਆ ਸੀ।
ਉਹ ਆਪਣਾ ਕੋਰਸ ਪੂਰਾ ਕਰ ਚੁੱਕੀ ਸੀ ਅਤੇ ਕੈਨੇਡਾ ਸਰਕਾਰ ਤੋਂ ਉਸ ਨੂੰ ਵਰਕ ਪਰਮਿਟ ਵੀ ਮਿਲ ਗਿਆ ਸੀ। ਇਨ੍ਹਾਂ ਦਿਨੀਂ ਉਹ ਸਰੀ ਵਿੱਚ ਰਹਿ ਰਹੀ ਸੀ। ਐਤਵਾਰ ਨੂੰ ਉਨ੍ਹਾਂ ਨੂੰ ਕੈਨੇਡਾ ਤੋਂ ਇੱਕ ਫੋਨ ਆਇਆ, ਜਿਸ ਵਿੱਚ ਦੱਸਿਆ ਕਿ, ਉਹ ਕੈਨੇਡੀਅਨ ਪੁਲਿਸ ਨਾਲ ਗੱਲ ਕਰ ਰਿਹਾ ਸੀ, ਉਸਦੀ ਧੀ ਦਾ ਕਤਲ਼ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਉਨ੍ਹਾਂ ਕਿਸੇ ਵੀ ਪ੍ਰਸ਼ਨ ਦਾ ਉੱਤਰ ਨਹੀਂ ਦਿੱਤਾ।
ਗੁਰਦਿਆਲ ਮਠਾੜੂ ਨੇ ਤੁਰੰਤ ਵੈਨਕੂਵਰ ਅਤੇ ਸਰੀ ਵਿੱਚ ਰਹਿੰਦੇ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਮੌਕੇ ‘ਤੇ ਭੇਜਿਆ ਅਤੇ ਮਕਾਨ ਮਾਲਕ ਨਾਲ ਸੰਪਰਕ ਕੀਤਾ। ਮਕਾਨ ਮਾਲਕ ਨੇ ਇੰਨਾ ਦੱਸਿਆ ਕਿ ਉਸਦੇ ਘਰ ਨੂੰ ਸੀਲ ਕਰ ਦਿੱਤਾ ਗਿਆ ਅਤੇ ਲੜਕੀ ਨੂੰ ਗੋਲੀ ਮਾਰ ਕੇ ਕਤਲ਼ ਕਰ ਦਿੱਤਾ ਗਿਆ ਹੈ।

