ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਸਿੱਖ ਸ਼ਰਧਾਲੂਆਂ ’ਚ ਖੁਸ਼ੀ ਦੀ ਲਹਿਰ ਛਾਈ ਹੋਈ ਹੈ। ਇਸ ਵਾਰ ਪ੍ਰਕਾਸ਼ ਦਿਹਾੜੇ ਮੌਕੇ ਸ਼ਰਧਾਲੂ ਸ੍ਰੀ ਕਰਤਾਰਪੁਰ ਸਾਹਿਬ ਜਾ ਕੇ ਦਰਸ਼ਨ ਕਰ ਸਕਣਗੇ। ਉੱਥੇ ਹੀ ਦੇਸ਼ ਦੇ ਕੋਨੇ-ਕੋਨੇ ’ਚ ਵੀ ਪ੍ਰਕਾਸ਼ ਦਿਹਾੜੇ ਨੂੰ ਲੈਕੇ ਤਿਆਰੀਆਂ ਚੱਲ ਰਹੀਆਂ ਹਨ। ਕੈਨੇਡਾ ’ਚ ਬਾਬੇ ਨਾਨਕ ਦੇ ਨਾਂ ਤੇ ਸੜ੍ਹਕ ਦਾ ਨਾਂ ਰੱਖਿਆ ਗਿਆ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਉਨਾਟਾਰਿਓ ਦੇ ਬਰੈਂਪਟਨ ਸ਼ਹਿਰ ਦੀ ਨਗਰ ਕੌਂਸਲ ਨੇ ਸੜ੍ਹਕ ਦਾ ਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਹੈ। ਜਿਸ ’ਚ ਸੜ੍ਹਕ ਦਾ ਨਾਂ ਗੁਰੂ ਨਾਨਕ ਸਟ੍ਰੀਟ ਜਾਂ ਗੁਰੂ ਨਾਨਕ ਰੋਡ ਰਹੇਗਾ। ਹਾਸਿਲ ਜਾਣਕਾਰੀ ਮੁਤਾਬਿਕ ਬਾਬਾ ਨਾਨਕ ਦੇ ਨਾਂ ਤੇ ਸੜ੍ਹਕ ਲਈ ਮਤਾ ਖੇਤਰੀ ਕੌਂਸਲਰ ਗੁਰਪ੍ਰੀਤ ਸਿੰਘ ਢਿਲੋਂ ਤੇ ਨਗਰ ਕੌਂਸਰ ਹਰਕੀਰਤ ਸਿੰਘ ਨੇ ਪੇਸ਼ ਕੀਤਾ ਸੀ। ਇਸ ਮਤੇ ਤੋਂ ਬਾਅਦ ਡਿਕਸੀ ਰੋਡ ਤੇ ਗ੍ਰੇਟ ਲੇਕਸ ਵਾਲੀ ਸੜ੍ਹਕ ਦੇ ਵਿਚਕਾਰ ਪੀਟਰ ਰਾਬਰਟਸਨ ਬੂਲੇਵਾਰਡ ਦੇ ਸੈਕਸ਼ਨ ਨੂੰ ਬਾਬਾ ਨਾਨਕ ਦਾ ਨਾਂ ਦਿੱਤਾ ਜਾਵੇਗਾ। ਨਾਲ ਹੀ ਇਕ ਗੁਰਦੁਆਰੇ ਦਾ ਨਿਰਮਾਣ ਵੀ ਕੀਤਾ ਜਾਵੇਗਾ। ਕਾਬਿਲੇਗੌਰ ਹੈ ਕਿ 9 ਨਵੰਬਰ ਨੂੰ ਪੀਐੱਮ ਨਰੇਂਦਰ ਮੋਦੀ ਕਰਤਾਰਪੁਰ ਲਾਂਘੇ ਦਾ ਉਦਘਾਟਨ ਕਰਣਗੇ। ਜਿਸ ਤੋਂ ਬਾਅਦ 10 ਨਵੰਬਰ ਨੂੰ ਕਰਤਾਰਪੁਰ ਲਾਂਘਾ ਚਾਲੂ ਹੋ ਜਾਵੇਗਾ।

