ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਤਲੁਜ ਦਰਿਆ ‘ਚ ਆਏ ਹੜ੍ਹ ਤੋਂ ਬਾਅਦ ਲੋਕ ਬੇਘਰ ਹੋ ਗਏ ਹਨ ਇਹਨਾਂ ਹੀ ਨਹੀਂ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ‘ਚ ਆਪਣੀ ਜਿੰਦਗੀ ਬਤੀਤ ਕਰਨੀ ਪੈ ਰਹੀ ਹੈ। ਬੇਸ਼ਕ ਹੁਣ ਸਤਲੁਜ ਦਾ ਪਾਣੀ ਕੁਝ ਘੱਟ ਹੋ ਰਿਹਾ ਹੈ ਪਰ ਲੋਕਾਂ ਦੀਆਂ ਸਮੱਸਿਆਵਾਂ ਘੱਟਣ ਦੀ ਥਾਂ ਤੇ ਵਧਦੀਆਂ ਹੀ ਜਾ ਰਹੀਆਂ ਹਨ। ਦਸ ਦਈਏ ਕਿ ਸਤਲੁਜ ਦਰਿਆ ਦਾ ਦੁਸ਼ਿਤ ਪਾਣੀ ਦਾ ਰੰਗ ਕਾਲਾ ਹੋ ਚੁੱਕਿਆ ਹੈ। ਜਿਸ ਕਾਰਨ ਇਹ ਗੰਦਾ ਪਾਣੀ ਲੋਕਾਂ ‘ਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਾ ਰਿਹਾ ਹੈ। ਇਹਨਾਂ ਹੀ ਨਹੀਂ ਲੋਕ ਚਮੜੀ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ।
ਲੋਕਾਂ ਦਾ ਕਹਿਣਾ ਹੈ ਕਿ ਬੇਸ਼ਕ ਸਰਕਾਰ ਵੱਲੋਂ ਮੈਡਿਕਲ ਕੈਂਪ ਲਗਵਾਏ ਗਏ ਹਨ ਪਰ ਮਾਹਿਰ ਡਾਕਟਰਾਂ ਦੀ ਘਾਟ ਕਾਰਨ ਉਹਨਾਂ ਨੂੰ ਇਸਦਾ ਕੋਈ ਫਾਇਦਾ ਨਹੀਂ ਮਿਲ ਰਿਹਾ ਹੈ। ਉੱਥੇ ਹੀ ਹੜ੍ਹ ਪ੍ਰਭਾਵਿਤ ਲੋਕਾਂ ਨੇ ਸਰਕਾਰ ਨੂੰ ਲਾਹਣਤਾ ਪਾਉਂਦੇ ਹੋਏ ਕਿਹਾ ਕਿ ਪ੍ਰਸਾਸ਼ਨ ਦੇ ਦਾਅਵੇ ਤੇ ਜਮੀਨੀ ਹਕੀਕਤ ਚ ਕਾਫੀ ਫਰਕ ਹੈ। ਜੇਕਰ ਸੂਬੇ ਭਰ ਤੋਂ ਲੋਕ ਇੱਥੇ ਆ ਕੇ ਉਹਨਾਂ ਨੂੰ ਰਾਹਤ ਤੇ ਮੈਡੀਕਲ ਸੇਵਾਵਾਂ ਨਾ ਦਿੰਦੇ ਤਾਂ ਇਸ ਵੇਲੇ ਉਹਨਾਂ ਦੀ ਹਾਲਤ ਹੋਰ ਵੀ ਜਿਆਦਾ ਖਰਾਬ ਹੋਣੀ ਸੀ। ਸੂਬੇ ਭਰ ਦੇ ਲੋਕਾਂ ਵੱਲੋਂ ਹੜ੍ਹ ਪੀੜਤ ਲੋਕਾਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪਰ ਮਦਦ ਕਰਨ ਆਏ ਲੋਕ ਵੀ ਪ੍ਰਸਾਸ਼ਨ ਦੀ ਕਾਰਗੁਜਾਰੀ ਤੇ ਸਵਾਲ ਚੁੱਕ ਰਹੇ ਹਨ। ਮਦਦਗਾਰਾਂ ਦਾ ਕਹਿਣਾ ਹੈ ਕਿ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਚ ਕਿਸੇ ਵੀ ਤਰ੍ਹਾਂ ਪਹੁੰਚ ਰਹੇ ਹਨ ਤੇ ਹੜ੍ਹ ਪੀੜਤਾਂ ਦੀ ਮਦਦ ਕਰ ਰਹੇ ਹਨ ਪਰ ਉਹਨਾਂ ਨੂੰ ਪ੍ਰਸਾਸ਼ਨ ਵੱਲੋਂ ਕੀਤੇ ਗਏ ਦਾਅਵਿਆਂ ਦੀ ਇਕ ਵੀ ਝਲਕ ਨਜਰ ਨਹੀਂ ਆ ਰਹੀ ਹੈ।
ਹੜ੍ਹ ਆਇਆ ਤੇ ਨਾਲ ਹੀ ਲੋਕਾਂ ਦੇ ਲਈ ਅਣਗਿਣਤ ਸਮੱਸਿਆਵਾਂ ਲੈ ਆਇਆ। ਲੋਕ ਮੁਸਿਬਤ ‘ਚ ਹੋਣ ਦੇ ਬਾਵਜੁਦ ਵੀ ਇਕ ਦੂਜੇ ਦਾ ਹੱਥ ਫੜ੍ਹ ਰਹੇ ਹਨ। ਇਕ ਦੂਜੇ ਦੀ ਮਦਦ ਕਰ ਰਹੇ ਹਨ ਪਰ ਜਿਹਨਾਂ ਨੇ ਮਦਦ ਕਰਨੀ ਸੀ ਉਹ ਸਿਰਫ ਸ਼ਬਦਾ ਰਾਹੀ ਤੇ ਕਾਗਜੀ ਮਦਦ ਕਰ ਰਹੇ ਹਨ ਖੈਰ ਹੁਣ ਇਹ ਦੇਖਣਾ ਹੋਵੇਗਾ ਕਿ ਸਰਕਾਰ ਦੀਆਂ ਅੱਖਾਂ ਕਦੋਂ ਖੁਲ ਦੀਆਂ ਹਨ ਕਦੋਂ ਇਹਨਾਂ ਲੋਕਾਂ ਦੀ ਜਿੰਦਗੀ ਆਮ ਪਟੜੀ ਤੇ ਆਉਂਦੀ ਹੈ।




