ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਰੂਪਨਗਰ ਦੇ ਜੂਡੀਸ਼ੀਅਲ ਮੈਜੀਸਟ੍ਰੇਟ ਫਰਸਟ ਕਲਾਸ ਹਰੀਸ਼ ਕੁਮਾਰ ਵਲੋਂ 26 ਸਾਲ ਪੁਰਾਣੇ ਇਕ ਕਤਲ ਮਾਮਲੇ ‘ਚ 9 ਪੁਲਸ ਮੁਲਾਜ਼ਮਾਂ ਨੂੰ 302 ਦੀ ਕਾਰਵਾਈ ਸ਼ੁਰੂ ਕਰਨ ਦੀ ਸ਼ਿਫਾਰਿਸ ਤੋਂ ਬਾਅਦ ਜੇਲ ਭੇਜ ਦਿੱਤਾ ਗਿਆ ਹੈ | ਇਨ੍ਹਾਂ ਦੋਸ਼ੀ ਪੁਲਸ ਮੁਲਾਜ਼ਮਾਂ ‘ਚ ਮੁੱਖ ਦੋਸ਼ੀ ਹਰਪਾਲ ਸਿੰਘ ਐਸ. ਪੀ. ਦੇ ਅਹੁਦੇ ‘ਤੇ ਰਿਟਾਇਰ ਹੋ ਚੁਕਿਆ ਹੈ, ਜੋ ਕਿ ਉਸ ਸਮੇਂ ਚਮਕੌਰ ਸਾਹਿਬ ਦਾ ਐਸ. ਐਚ. ਓ. ਹੋਇਆ ਕਰਦਾ ਸੀ।
ਹਰਪਾਲ ਸਿੰਘ ਤੋਂ ਇਲਾਵਾ ਸੰਤੋਖ ਸਿੰਘ ਐਸ. ਆਈ. ਰਿਟਾਇਰ, ਗੁਰਨਾਮ ਸਿੰਘ ਏ. ਐਸ. ਆਈ. ਰਿਟਾਇਰ, ਮੇਲ ਸਿੰਘ ਸਿਪਾਹੀ ਤੇ ਰਜਿੰਦਰ ਪ੍ਰਸਾਦ ਸਿਪਾਹੀ ਦੇ ਤੌਰ ‘ਤੇ ਰਿਟਾਇਰ ਹੋ ਚੁਕੇ ਹਨ, ਜਦਕਿ ਇਕਬਾਲ ਮੁਹੰਮਦ, ਮਹਿੰਦਰ ਸਿੰਘ ਤੇ ਸੁਖਵਿੰਦਰ ਲਾਲ ਹੁਣ ਵੀ ਸਿਪਾਹੀ ਹਨ ਅਤੇ ਇਸ ਕੇਸ ‘ਚ ਇਕ ਦੋਸ਼ੀ ਸਤਨਾਮ ਸਿੰਘ ਸਿਪਾਹੀ ਦੀ ਮੌਤ ਹੋ ਚੁਕੀ ਹੈ | ਦੋਸ਼ ਹੈ ਕਿ ਐਨਕਾਊਂਟਰ ਦੇ ਮਾਮਲੇ ‘ਚ ਪਰਮਜੀਤ ‘ਤੇ ਗੋਲੀ ਹਰਪਾਲ ਸਿੰਘ ਨੇ ਚਲਾਈ ਸੀ | ਜਾਣਕਾਰੀ ਮੁਤਾਬਕ 9 ਜੁਲਾਈ 1993 ਨੂੰ ਮੋਜਲੀਪੁਰ ‘ਚ ਪਰਮਜੀਤ ਸਿੰਘ 5 ਹਜ਼ਾਰ ਲੈਣ ਮਹਿੰਦਰਾ ਕੌਰ ਦੇ ਘਰ ਗਿਆ ਸੀ।
ਜਿਸ ਦੀ ਪੁਲਸ ਪਾਰਟੀ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ ਅਤੇ ਬਾਅਦ ‘ਚ ਪੁਲਸ ਪਾਰਟੀ ਨੂੰ ਮ੍ਰਿਤਕ ਦਾ ਪਛਾਣ ਪੱਤਰ ਦੇਖ ਕੇ ਪਤਾ ਲੱਗਿਆ ਕਿ ਉਹ ਪੁਲਸ ਮੁਲਾਜ਼ਮ ਹੈ। ਦੋਸ਼ੀਆਂ ਨੇ ਇਸ ਅਦਾਲਤ ‘ਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ | ਜਿਸ ‘ਤੇ ਅਦਾਲਤ ਨੇ ਸੁਣਵਾਈ ਕਰਦੇ ਹੋਏ 2 ਅਪ੍ਰੈਲ ਦੀ ਤਾਰੀਕ ਨਿਸ਼ਚਿਤ ਕੀਤੀ ਹੈ, ਜਿਥੇ 2 ਅਪ੍ਰੈਲ ਨੂੰ ਦੋਸ਼ੀਆਂ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਹੋਵੇਗੀ।
Watch Video
