ਮੁੰਬਈ (ਇੰਟ.)- ਅਦਾਕਾਰ ਸਿਧਾਰਥ ਸ਼ੁਕਲਾ ਦੀ ਮ੍ਰਿਤਕ ਦੇਹ ਅੱਜ ਸਵੇਰੇ 11 ਵਜੇ ਪਰਿਵਾਰ ਨੂੰ ਸੌਂਪੀ ਜਾਵੇਗੀ। ਪੋਸਟਮਾਰਟਮ ਰਿਪੋਰਟ ਦੇ ਅਧਾਰ ‘ਤੇ ਮੁੰਬਈ ਪੁਲਿਸ ਉਸੇ ਸਮੇਂ ਆਪਣਾ ਅਧਿਕਾਰਤ ਬਿਆਨ ਵੀ ਜਾਰੀ ਕਰ ਸਕਦੀ ਹੈ। ਦੱਸਣਯੋਗ ਹੈ ਕਿ ਅਭਿਨੇਤਾ ਅਤੇ ਬਿਗ ਬੌਸ ਜੇਤੂ ਰਹੇ ਸਿਧਾਰਤ ਸ਼ੁਕਲਾ ਦਾ ਵੀਰਵਾਰ ਨੂੰ ਦੇਹਾਂਤ ਹੋ ਗਿਆ। ਮੁੰਬਈ ਦੇ ਇਕ ਹਸਪਤਾਲ ਵਿਚ ਸਿਧਾਰਥ ਦੇ ਦੇਹਾਂਤ ਦੀ ਪੁਸ਼ਟੀ ਕੀਤੀ ਗਈ ਹੈ। ਜਾਣਕਾਰੀ ਮੁਤਾਬਕ 40 ਸਾਲਾ ਸਿਧਾਰਥ ਸ਼ੁਕਲਾ ਦੀ ਹਾਰਟ ਅਟੈਕ ਨਾਲ ਮੌਤ ਹੋਈ ਹੈ। ਅਭਿਨੇਤਾ ਸਿਧਾਰਥ ਸ਼ੁਕਲਾ ਨੇ ਸੌਣ ਤੋਂ ਪਹਿਲਾਂ ਕੁਝ ਦਵਾਈ ਖਾਧੀ ਸੀ ਪਰ ਉਸ ਤੋਂ ਬਾਅਦ ਉਹ ਉਠ ਹੀ ਨਹੀਂ ਸਕੇ। ਹਸਪਤਾਲ ਨੇ ਬਾਅਦ ਵਿਚ ਪੁਸ਼ਟੀ ਕੀਤੀ ਹੈ ਕਿ ਸਿਧਾਰਥ ਦੀ ਮੌਤ ਹਾਰਟ ਅਟੈਕ ਨਾਲ ਹੋਈ ਹੈ।
Read more- ਅਭਿਨੇਤਾ ਤੇ ਬਿਗ ਬੌਸ ਵਿਨਰ ਰਹੇ ਸਿਧਾਰਥ ਸ਼ੁਕਲਾ ਦਾ ਹਾਰਟ ਅਟੈਕ ਨਾਲ ਦੇਹਾਂਤ
ਤੁਹਾਨੂੰ ਦੱਸ ਦਈਏ ਕਿ ਸਿਧਾਰਥ ਸ਼ੁਕਲਾ ਦੇ ਇਸ ਤਰ੍ਹਾਂ ਅਚਾਨਕ ਦੇਹਾਂਤ ਨਾਲ ਪੂਰੀ ਬਾਲੀਵੁੱਡ ਅਤੇ ਟੀ.ਵੀ. ਇੰਡਸਟਰੀ ਸ਼ੋਕ ਵਿਚ ਹੈ। ਹੋਰ ਅਭਿਨੇਤਾ ਅਤੇ ਅਭਿਨੇਤਰੀਆਂ ਵਲੋਂ ਸਿਧਾਰਥ ਸ਼ੁਕਲਾ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਟੀ.ਵੀ. ਇੰਡਸਟਰੀ ਦਾ ਵੱਡਾ ਨਾਂ ਸਿਧਾਰਥ ਸ਼ੁਕਲਾ ਨੇ ਰਿਐਲਿਟੀ ਸ਼ੋਅ ਬਿਗ ਬੌਸ ਦਾ 13ਵਾਂ ਸੀਜ਼ਨ ਜਿੱਤਿਆ ਸੀ, ਇਸ ਤੋਂ ਇਲਾਵਾ ਉਨ੍ਹਾਂ ਨੇ ਖਤਰਿਆਂ ਦੇ ਖਿਡਾਰੀ ਦਾ 7ਵਾਂ ਸੀਜ਼ਨ ਵੀ ਆਪਣੇ ਨਾਂ ਕੀਤਾ ਸੀ। ਸੀਰੀਅਲ ਬਾਲਿਕਾ ਵਧੂ ਨਾਲ ਸਿਧਾਰਥ ਸ਼ੁਕਲਾ ਨੇ ਦੇਸ਼ ਦੇ ਘਰ-ਘਰ ਵਿਚ ਆਪਣੀ ਪਛਾਣ ਬਣਾਈ ਸੀ। ਮੁੰਬਈ ਵਿਚ 12 ਦਸੰਬਰ 1980 ਨੂੰ ਜਨਮੇ ਸਿਧਾਰਥ ਸ਼ੁਕਲਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇਕ ਮਾਡਲ ਵਜੋਂ ਕੀਤੀ ਸੀ।
ਸਾਲ 2004 ਵਿਚ ਉਨ੍ਹਾਂ ਨੇ ਟੀ.ਵੀ. ਤੋਂ ਆਪਣਾ ਐਕਟਿੰਗ ਡੈਬਿਊ ਕੀਤਾ ਸੀ। 2008 ਵਿਚ ਉਹ ਬਾਬੁਲ ਦਾ ਆਂਗਨ ਛੁਟੇ ਨਾ ਨਾਂ ਦੇ ਟੀ.ਵੀ. ਸੀਰੀਅਲ ਵਿਚ ਦਿਖੇ ਸਨ ਪਰ ਉਨ੍ਹਾਂ ਦੀ ਅਸਲੀ ਪਛਾਣ ਬਾਲਿਕਾ ਵਧੂ ਸੀਰੀਅਲ ਨਾਲ ਬਣੀਸੀ ਜਿਸ ਨੇ ਉਨ੍ਹਾਂ ਨੂੰ ਘਰ-ਘਰ ਤੱਕ ਪਹੁੰਚਾ ਦਿੱਤਾ ਸੀ। ਟੀ.ਵੀ. ਇੰਡਸਟਰੀ ਵਿਚ ਸਫਲਤਾ ਤੋਂ ਬਾਅਦ ਸਿਧਾਰਥ ਸ਼ੁਕਲਾ ਨੇ ਬਾਲੀਵੁੱਡ ਦਾ ਵੀ ਰੁਖ ਕੀਤਾ। ਸਾਲ 2014 ਵਿਚ ਆਈ ਹੰਪਟੀ ਸ਼ਰਮਾ ਦੀ ਦੁਲਹਨੀਆ ਫਿਲਮ ਵਿਚ ਉਹ ਨਜ਼ਰ ਆਏ। ਇਸੇ ਸਾਲ ਉਨ੍ਹਾਂ ਦੀ ਬ੍ਰੋਕਨ ਬਟ ਬਿਊਟੀਫੁਲ ਨਾਂ ਦੀ ਵੈੱਬ ਸੀਰੀਜ਼ ਆਈ ਸੀ, ਜਿਸ ਨੇ ਕਾਫੀ ਸੁਰਖੀਆਂ ਖੱਟੀਆਂ ਸਨ।




