ਚੰਡੀਗੜ੍ਹ- ਮਾਰਚ ਤੋਂ ਬਾਅਦ ਅਪ੍ਰੈਲ ‘ਚ ਲਗਾਤਾਰ ਪੈ ਰਹੀ ਕੜਾਕੇ ਦੀ ਗਰਮੀ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਤਾਪਮਾਨ ਆਮ ਨਾਲੋਂ ਅੱਠ ਤੋਂ 11 ਡਿਗਰੀ ਸੈਲਸੀਅਸ ਤੋਂ ਉੱਪਰ ਚੱਲ ਰਿਹਾ ਹੈ ਤੇ ਤੇਜ਼ ਗਰਮੀ ਦੀ ਲਹਿਰ ਵੀ ਆ ਗਈ ਹੈ। ਇਸ ਨੂੰ ਲੈ ਕੇ ਮੌਸਮ ਵਿਭਾਗ ਨੇ ਪੰਜਾਬ ‘ਚ ਔਰੇਂਜ ਅਲਰਟ ਜਾਰੀ ਕੀਤਾ ਹੈ।
Also Read: ਹਰਿਆਣਾ ‘ਚ ਬਣੇਗਾ ਸਿੱਖ ਗੁਰੂਆਂ ਨੂੰ ਸਮਰਪਿਤ ਮਿਊਜ਼ੀਅਮ, CM ਖੱਟੜ ਦਾ ਐਲਾਨ
ਭਾਰਤੀ ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਬਰਨਾਲਾ ਵਿੱਚ ਵੱਧ ਤੋਂ ਵੱਧ ਤਾਪਮਾਨ 43.8 ਡਿਗਰੀ ਸੈਲਸੀਅਸ, ਬਠਿੰਡਾ 43.4, ਮੁਕਤਸਰ ਤੇ ਫਿਰੋਜ਼ਪੁਰ 43.3, ਪਟਿਆਲਾ 43, ਮੋਗਾ 42.5, ਹੁਸ਼ਿਆਰਪੁਰ 42, ਅੰਮ੍ਰਿਤਸਰ 42.3 ਤੇ ਲੁਧਿਆਣਾ ਵਿੱਚ 41.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਹ ਤਾਪਮਾਨ ਆਮ ਨਾਲੋਂ ਅੱਠ ਤੋਂ 11 ਡਿਗਰੀ ਵੱਧ ਹੈ। ਪਿਛਲੇ ਸਾਲਾਂ ਦੌਰਾਨ ਜੇਕਰ ਅਪ੍ਰੈਲ ਦੇ ਪਹਿਲੇ ਹਫ਼ਤੇ ਇੱਕ-ਦੋ ਦਿਨ ਤਾਪਮਾਨ ਆਮ ਨਾਲੋਂ ਵੱਧ ਰਹਿੰਦਾ ਤਾਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਲੋਕਾਂ ਨੂੰ ਰਾਹਤ ਮਿਲਦੀ ਸੀ ਪਰ ਇਸ ਵਾਰ ਅਜਿਹਾ ਨਹੀਂ ਹੋਇਆ। ਇਸ ਦੇ ਨਾਲ ਭਾਰਤੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਦੋ ਦਿਨ ਪੰਜਾਬ ਸਣੇ ਯੂਪੀ, ਦਿੱਲੀ, ਹਰਿਆਣਾ ਵਿਚ ਤੇਜ਼ ਗਰਮ ਹਵਾਵਾਂ ਚੱਲਣਗੀਆਂ।
Also Read: ਪੰਜਾਬ ‘ਚ ਰੇਲਵੇ ਦੀ ਵੱਡੀ ਕਾਰਵਾਈ, ਹੁਣ ਇਨ੍ਹਾਂ ਸਟੇਸ਼ਨਾਂ ‘ਤੇ ਨਹੀਂ ਰੁਕਣਗੀਆਂ ਰੇਲਾਂ
ਵੈਸਟਰਨ ਡਿਸਟਰਬੈਂਸ ਮਾਰਚ ਤੋਂ ਇਕ ਵਾਰ ਵੀ ਸਰਗਰਮ ਨਹੀਂ ਹੋਇਆ ਹੈ ਤੇ ਮਾਰਚ ਤੋਂ ਬਾਅਦ ਅਪ੍ਰੈਲ ਵੀ ਖੁਸ਼ਕ ਜਾ ਰਿਹਾ ਹੈ। ਅਗਲੇ ਦੋ ਦਿਨਾਂ ਤੱਕ ਤਾਪਮਾਨ ਹੋਰ ਵਧ ਸਕਦਾ ਹੈ। ਹਾਲਾਂਕਿ ਹਿਮਾਚਲ ਪ੍ਰਦੇਸ਼ ਦੇ ਉਪਰਲੇ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਜੇਕਰ ਇਹੀ ਸਥਿਤੀ ਜਾਰੀ ਰਹੀ ਤਾਂ ਆਉਣ ਵਾਲਾ ਪਾਣੀ ਸੰਕਟ ਵੀ ਵੱਧ ਸਕਦਾ ਹੈ।



