ਮੁਹਾਲੀ: ਪੰਜਾਬੀ ਭਾਸ਼ਾ ਲਈ ਇੰਨ੍ਹਾ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸ਼ੁੱਕਰਵਾਰ ਨੂੰ ਐਲਾਨੇ ਦਸਵੀਂ ਜਮਾਤ ਦੇ ਨਤੀਜਿਆਂ ’ਚ 2265 ਵਿਦਿਆਰਥੀ ਪੰਜਾਬੀ ਵਿਸ਼ੇ ’ਚ ਫੇਲ੍ਹ ਹੋ ਗਏ ਹਨ। ਦੱਸ ਦੇਈਏ ਕਿ ਇਸੇ ਅਕਾਦਮਿਕ ਵਰ੍ਹੇ ਦੀ ਬਾਰ੍ਹਵੀਂ ਜਮਾਤ ’ਚ ਵੀ 1755 ਤੇ ਅੱਠਵੀਂ ਜਮਾਤ ’ਚ 663 ਵਿਦਿਆਰਥੀ ਫੇਲ੍ਹ ਹੋਣ ਬਾਰੇ ਵੱਡੀ ਪੜਚੋਲ ਦੀ ਮੰਗ ਹੋ ਰਹੀ ਸੀ।
ਜ਼ਿਕਰਯੋਗ ਹੈ ਕਿ ਅੰਗਰੇਜ਼ੀ ਵਿਸ਼ੇ ਦਾ ਨਤੀਜਾ ਵੀ ਪੰਜਾਬੀ ਨਾਲੋਂ .3 ਜਦੋਂ ਕਿ ਹਿੰਦੀ .43 ਫ਼ੀਸਦੀ ਵੱਧ ਹੈ। ਅਕਾਦਮਿਕ ਵਰ੍ਹੇ 2022-23 ਵਿਚ 2 ਲੱਖ 81 ਹਜ਼ਾਰ 267 ਵਿਦਿਆਰਥੀਆਂ ਨੇ ਪੰਜਾਬੀ ਵਿਸ਼ੇ ਦਾ ਪੇਪਰ ਦਿੱਤਾ ਜਿਨ੍ਹਾਂ ਵਿਚੋਂ 2 ਲੱਖ 79 ਹਜ਼ਾਰ 2 ਪਾਸ ਹੋ ਸਕੇ। ਇਸ ਵਿਸ਼ੇ ਦਾ ਨਤੀਜਾ 99.19 ਫ਼ੀਸਦੀ ਰਿਹਾ ਜੋ ਕਿ ਬਾਕੀ ਲਾਜ਼ਮੀ ਸਾਰੇ ਵਿਸ਼ਿਆਂ ਨਾਲੋਂ ਘੱਟ ਹੈ।
ਪੰਜਾਬੀ ਭਾਸ਼ਾ ਨੂੰ ਲੈ ਕੇ ਜਿੱਥੇ ਇੰਨ੍ਹਾ ਪ੍ਰਚਾਰ ਕੀਤਾ ਜਾ ਰਿਹਾ ਹੈ ਉਥੇ ਹੀ ਪੰਜਾਬ ਵਿੱਚ ਪੰਜਾਬੀ ਵਿਸ਼ੇ ਵਿਚੋਂ 2265 ਵਿਦਿਆਰਥੀਆਂ ਦਾ ਫੇਲ੍ਹ ਹੋਣ ਬੜਾ ਚਿੰਤਾ ਦਾ ਵਿਸ਼ਾ ਹੈ।



