Weather Update : ਦੱਖਣ-ਪੱਛਮੀ ਭਾਰਤ ਵਿਚ ਮਾਨਸੂਨ ਪੂਰੀ ਤਰ੍ਹਾਂ ਸਰਗਰਮ ਹੈ। ਦੇਸ਼ ਦੇ ਪੂਰਬ ਤੋਂ ਪੱਛਮ ਤੇ ਉਤਰ ਤੋਂ ਦੱਖਣ ਤਕ ਸਾਰੇ ਖੇਤਰਾਂ ਵਿਚ ਭਾਰੀ ਬਾਰਿਸ਼ ਹੋ ਰਹੀ ਹੈ। ਸਿਰਫ਼ ਲੋਕਾਂ ਨੂੰ ਸਖ਼ਤ ਗਰਮੀ ਤੋਂ ਰਾਹਤ ਮਿਲੀ, ਸਗੋਂ ਸੜਕਾਂ ਅਤੇ ਰਿਹਾਇਸ਼ੀ ਇਲਾਕਿਆਂ ਵਿਚ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਉਧਰ, ਪੰਜਾਬ ਵਿਚ ਮਾਨਸੂਨ ਦੀ ਰਫ਼ਤਾਰ ਮੱਠੀ ਹੋਣ ਕਾਰਨ ਇੱਕ ਵਾਰ ਫਿਰ ਗਰਮੀ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ। ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਔਸਤ ਤਾਪਮਾਨ ਵਿੱਚ ਲਗਾਤਾਰ ਤੀਜੇ ਦਿਨ 1.1 ਡਿਗਰੀ ਦਾ ਵਾਧਾ ਹੋਇਆ ਹੈ, ਜਿਸ ਨਾਲ ਸੂਬੇ ਦਾ ਤਾਪਮਾਨ ਆਮ ਨਾਲੋਂ 1.6 ਡਿਗਰੀ ਵੱਧ ਹੈ। ਮੌਸਮ ਵਿਭਾਗ ਮੁਤਾਬਕ ਦੋ ਦਿਨ ਹੋਰ ਲੋਕਾਂ ਨੂੰ ਹੁਮਸ ਨਾਲ ਜੂਝਣਾ ਪਵੇਗਾ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਯਾਨੀ ਸੋਮਵਾਰ ਅਤੇ ਮੰਗਲਵਾਰ ਨੂੰ ਸੂਬੇ ਦੇ ਜ਼ਿਆਦਾਤਰ ਇਲਾਕਿਆਂ ‘ਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ ਪਰ ਹਿਮਾਚਲ ਦੇ ਨਾਲ ਲੱਗਦੇ ਇਲਾਕਿਆਂ ‘ਚ ਇਕੱਲਿਆਂ ਥਾਵਾਂ ‘ਤੇ ਮੀਂਹ ਪੈ ਸਕਦਾ ਹੈ, ਹਾਲਾਂਕਿ ਇਸ ਦੀ ਸੰਭਾਵਨਾ ਵੀ ਬਹੁਤ ਘੱਟ ਹੈ। ਤਾਪਮਾਨ ਹੋਰ ਵਧੇਗਾ, ਜਿਸ ਕਾਰਨ ਲੋਕ ਹੁਮਸ ਤੋਂ ਪ੍ਰੇਸ਼ਾਨ ਹੋਣਗੇ।
ਪੰਜਾਬ ਵਿਚ 17 ਜੁਲਾਈ ਨੂੰ ਇਨ੍ਹਾਂ ਇਲਾਕਿਆਂ ਵਿਚ ਮੀਂਹ ਦੀ ਸੰਭਾਵਨਾ
17 ਜੁਲਾਈ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਵੱਲੋਂ ਅਜੇ ਤੱਕ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ 17 ਨੂੰ ਅੱਧੇ ਪੰਜਾਬ ਵਿੱਚ ਮੀਂਹ ਪੈ ਸਕਦਾ ਹੈ। ਇਨ੍ਹਾਂ ਵਿੱਚ ਪੰਜਾਬ ਦੇ ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਕਪੂਰਥਲਾ, ਹੁਸ਼ਿਆਰਪੁਰ, ਜਲੰਧਰ ਅਤੇ ਨਵਾਂਸ਼ਹਿਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
ਅਸਾਮ ਵਿਚ ਹੜ੍ਹ ਤੋਂ ਰਾਹਤ, ਮੁੰਬਈ ਤੇ ਕੇਰਲ ਵਿਚ ਮੀਂਹ ਨੇ ਮਚਾਈ ਤਬਾਹੀ
ਉਂਝ ਤਾਂ ਪਿਛਲੇ ਕਈ ਦਿਨਾਂ ਤੋਂ ਹੜ੍ਹਾਂ ਦੀ ਮਾਰ ਝੱਲ ਰਹੇ ਆਸਾਮ ਨੂੰ ਹੁਣ ਥੋੜ੍ਹੀ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਅਤੇ ਕਈ ਜ਼ਿਲ੍ਹਿਆਂ ’ਚ ਹੜ੍ਹ ਦਾ ਪਾਣੀ ਘਟ ਰਿਹਾ ਹੈ ਪਰ ਮੁੰਬਈ ਅਤੇ ਦੱਖਣੀ ਰਾਜ ਕੇਰਲ ’ਚ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਮੌਸਮ ਵਿਭਾਗ ਨੇ ਐਤਵਾਰ ਨੂੰ ਅੱਠ ਰਾਜਾਂ ਵਿਚ ਭਾਰੀ ਮੀਂਹ ਨੂੰ ਲੈ ਕੇ ਰੈੱਡ ਅਤੇ ਆਰੇਂਜ ਅਲਰਟ ਜਾਰੀ ਕੀਤਾ ਹੈ। ਨਾਲ ਹੀ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ ਸਮੇਤ ਸਾਰੇ ਰਾਜਾਂ ਅਤੇ ਚਾਰ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਅਗਲੇ ਪੰਜ ਦਿਨਾਂ ਤਕ ਵੱਖ-ਵੱਖ ਥਾਵਾਂ ’ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਅਗਲੇ 24 ਘੰਟਿਆਂ ਵਿਚ ਇੱਥੇ ਪਵੇਗਾ ਮੀਂਹ
ਭਾਰਤ ਮੌਸਮ ਵਿਭਾਗ ਅਨੁਸਾਰ, ਪਿਛਲੇ 24 ਘੰਟਿਆਂ ਦੌਰਾਨ ਪੂਰਬੀ ਉੱਤਰ ਪ੍ਰਦੇਸ਼, ਉੱਤਰਾਖੰਡ, ਜੰਮੂ, ਪੂਰਬੀ ਅਤੇ ਪਛਮੀ ਮੱਧ ਪ੍ਰਦੇਸ਼, ਬਿਹਾਰ, ਰਾਜਸਥਾਨ, ਅਰੁਣਾਚਲ, ਉਪ-ਹਿਮਾਲੀਅਨ ਪਛਮੀ ਬੰਗਾਲ ਤੇ ਸਿੱਕਮ ’ਚ ਭਾਰੀ ਮੀਂਹ ਪਿਆ। ਇਸ ਦੌਰਾਨ ਛੱਤੀਸਗੜ੍ਹ, ਗੁਜਰਾਤ ਖੇਤਰ, ਤਾਮਿਲਨਾਡੂ ਤੇ ਤੱਟਵਰਤੀ ਆਂਧਰਾ ਪ੍ਰਦੇਸ਼ ’ਚ ਬਹੁਤ ਜ਼ਿਆਦਾ ਬਾਰਿਸ਼ ਦਰਜ ਕੀਤੀ ਗਈ। ਇਸ ਨਾਲ ਹੀ ਅਸਾਮ, ਮੇਘਾਲਿਆ, ਪਛਮੀ ਬੰਗਾਲ ਦੇ ਗੰਗਾ ਕਿਨਾਰੇ, ਝਾਰਖੰਡ, ਉੜੀਸਾ ਅਤੇ ਪਛਮੀ ਉਤਰ ਪ੍ਰਦੇਸ਼ ਵਿਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ।
ਹਿਮਾਚਲ ਵਿਚ 12 ਸੜਕਾਂ ਬੰਦ
ਮੀਂਹ ਕਾਰਨ ਹਿਮਾਚਲ ਪ੍ਰਦੇਸ਼ ’ਚ ਕਈ ਥਾਵਾਂ ’ਤੇ ਜ਼ਮੀਨ ਖਿਸਕਣ ਕਾਰਨ 12 ਸੜਕਾਂ ਨੂੰ ਆਵਾਜਾਈ ਲਈ ਬੰਦ ਕਰਨਾ ਪਿਆ। ਧਰਮਸ਼ਾਲਾ, ਕਾਂਗੜਾ, ਮਨਾਲੀ ਅਤੇ ਸ਼ਿਮਲਾ ਸਮੇਤ ਸੂਬੇ ਦੇ ਕਈ ਹਿੱਸਿਆਂ ’ਚ ਸ਼ੁਕਰਵਾਰ ਸ਼ਾਮ ਤੋਂ ਹੀ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਇਸ ਦੌਰਾਨ ਬੈਜਨਾਥ ’ਚ ਸੱਭ ਤੋਂ ਵੱਧ 32 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। 16 ਅਤੇ 17 ਜੁਲਾਈ ਨੂੰ ਰਾਜ ਦੇ ਬਹੁਤੇ ਹਿੱਸਿਆਂ ਵਿਚ ਗਰਜ-ਤੂਫ਼ਾਨ ਅਤੇ ਤੇਜ਼ ਬਾਰਸ਼ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।



