ਮਾਛੀਵਾੜਾ : ਪੰਜਾਬ ਦੇ ਮਾਛੀਵਾੜਾ ਇਲਾਕੇ ਵਿੱਚੋਂ ਇੱਕ ਬੇਹੱਦ ਦਿਲ ਕੰਬਾਊ ਅਤੇ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਸ਼੍ਰੀ ਨੈਣਾ ਦੇਵੀ ਮਾਤਾ ਦੇ ਦਰਸ਼ਨ ਕਰਕੇ ਵਾਪਸ ਪਰਤ ਰਹੀ ਸ਼ਰਧਾਲੂਆਂ ਨਾਲ ਭਰੀ ਇੱਕ ਮਹਿੰਦਰਾ ਪਿਕਅੱਪ ਗੱਡੀ ਪਵਾਤ ਪੁੱਲ ਨੇੜੇ ਸੜਕ ਕਿਨਾਰੇ ਖੜ੍ਹੇ ਇੱਕ ਟਿੱਪਰ ਨਾਲ ਜ਼ੋਰਦਾਰ ਢੰਗ ਨਾਲ ਟਕਰਾ ਗਈ। ਇਸ ਭਿਆਨਕ ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦਕਿ 25 ਤੋਂ 27 ਦੇ ਕਰੀਬ ਸ਼ਰਧਾਲੂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਸ਼ਰਧਾਲੂ ਮਾਛੀਵਾੜਾ ਦੀ ਹੀ ਇੱਕ ਪ੍ਰਵਾਸੀ ਕਲੋਨੀ ਨਾਲ ਸਬੰਧਤ ਸਨ।
ਪਵਾਤ ਪੁੱਲ ਨੇੜੇ ਵਾਪਰਿਆ ਭਿਆਨਕ ਹਾਦਸਾ
ਮਿਲੀ ਜਾਣਕਾਰੀ ਮੁਤਾਬਕ ਪਿਕਅੱਪ ਗੱਡੀ ਵਿੱਚ ਸਵਾਰ ਸਾਰੇ ਸ਼ਰਧਾਲੂ ਨੈਣਾ ਦੇਵੀ ਮੱਥਾ ਟੇਕਣ ਉਪਰੰਤ ਆਪਣੇ ਘਰਾਂ ਵੱਲ ਪਰਤ ਰਹੇ ਸਨ। ਜਦੋਂ ਉਨ੍ਹਾਂ ਦੀ ਗੱਡੀ ਮਾਛੀਵਾੜਾ ਕੋਲ ਪਵਾਤ ਪੁੱਲ ਦੇ ਨੇੜੇ ਪਹੁੰਚੀ, ਤਾਂ ਅਚਾਨਕ ਉਹ ਉੱਥੇ ਖੜ੍ਹੇ ਇੱਕ ਟਿੱਪਰ ਵਿੱਚ ਜਾ ਵਜੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਪਿਕਅੱਪ ਵਿੱਚ ਸਵਾਰ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਮੌਕੇ ‘ਤੇ ਹੀ ਹਾਹਾਕਾਰ ਮੱਚ ਗਈ।
ਹਾਦਸੇ ਵਿੱਚ ਦੋ ਨਾਬਾਲਗਾਂ ਸਮੇਤ ਤਿੰਨ ਦੀ ਮੌਤ
ਇਸ ਦਰਦਨਾਕ ਹਾਦਸੇ ਨੇ ਤਿੰਨ ਪਰਿਵਾਰਾਂ ਦੀਆਂ ਖੁਸ਼ੀਆਂ ਨੂੰ ਮਿੰਟਾਂ ਵਿੱਚ ਉਜਾੜ ਦਿੱਤਾ। ਮਰਨ ਵਾਲਿਆਂ ਵਿੱਚ 17 ਸਾਲਾ ਗੌਰਵ, 14 ਸਾਲਾ ਇੱਕ ਵਿਦਿਆਰਥੀ ਅਤੇ 36 ਸਾਲਾ ਇੱਕ ਮਹਿਲਾ ਸ਼ਾਮਲ ਹਨ। ਦੋ ਨਾਬਾਲਗਾਂ ਸਮੇਤ ਤਿੰਨ ਜਣਿਆਂ ਦੀ ਬੇਵਕਤ ਮੌਤ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਮ੍ਰਿਤਕਾਂ ਦੇ ਘਰਾਂ ਵਿੱਚ ਚੀਕ-ਚਿਹਾੜਾ ਪਿਆ ਹੋਇਆ ਹੈ।
ਸਥਾਨਕ ਲੋਕਾਂ ਨੇ ਕੀਤੀ ਮਦਦ
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਆਸ-ਪਾਸ ਦੇ ਇਲਾਕੇ ਦੇ ਲੋਕ ਤੁਰੰਤ ਮੌਕੇ ‘ਤੇ ਪਹੁੰਚ ਗਏ ਅਤੇ ਰਾਹਤ ਕਾਰਜ ਸ਼ੁਰੂ ਕਰਦਿਆਂ ਜ਼ਖਮੀਆਂ ਨੂੰ ਗੱਡੀ ਵਿੱਚੋਂ ਬਾਹਰ ਕੱਢਿਆ। ਸਾਰੇ ਜ਼ਖਮੀਆਂ ਨੂੰ ਫੌਰੀ ਤੌਰ ‘ਤੇ ਮਾਛੀਵਾੜਾ ਅਤੇ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਕਈਆਂ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ, ਜਦਕਿ ਇਸ ਹਾਦਸੇ ਨੇ ਸੜਕਾਂ ‘ਤੇ ਲਾਵਾਰਸ ਖੜ੍ਹੇ ਭਾਰੀ ਵਾਹਨਾਂ ਦੇ ਖਤਰੇ ਨੂੰ ਲੈ ਕੇ ਫਿਰ ਤੋਂ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



