ਚੰਡੀਗੜ੍ਹ : ਪੰਜਾਬ ਇੱਕ ਵਾਰ ਫਿਰ ਅੰਤਰਰਾਸ਼ਟਰੀ ਹਾਕੀ ਦੇ ਰੋਮਾਂਚ ਦਾ ਗਵਾਹ ਬਣਨ ਜਾ ਰਿਹਾ ਹੈ। ਲੰਮੇ ਸਮੇਂ ਯਾਨੀ ਕਰੀਬ 17 ਸਾਲਾਂ ਦੇ ਵਕਫ਼ੇ ਤੋਂ ਬਾਅਦ ਪੰਜਾਬ ਵਿੱਚ ਅੰਤਰਰਾਸ਼ਟਰੀ ਹਾਕੀ ਦੀ ਧਮਾਕੇਦਾਰ ਵਾਪਸੀ ਹੋ ਰਹੀ ਹੈ, ਜਿਸ ਤਹਿਤ ਪੁਰਸ਼ ਏਸ਼ੀਅਨ ਚੈਂਪੀਅਨਜ਼ ਟਰਾਫੀ 2026 ਦਾ ਆਗਾਜ਼ ਮੰਗਲਵਾਰ, 27 ਅਕਤੂਬਰ ਤੋਂ ਹੋਣ ਜਾ ਰਿਹਾ ਹੈ। ਭਾਰਤੀ ਹਾਕੀ ਦੇ ਗੜ੍ਹ ਵਜੋਂ ਜਾਣੇ ਜਾਂਦੇ ਪੰਜਾਬ ਵਿੱਚ ਇਸ ਟੂਰਨਾਮੈਂਟ ਨੂੰ ਲੈ ਕੇ ਖੇਡ ਪ੍ਰੇਮੀਆਂ ਵਿੱਚ ਭਾਰਤ ਭਰ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਵੱਕਾਰੀ ਮੁਕਾਬਲੇ ਵਿੱਚ ਭਾਰਤ ਸਮੇਤ ਏਸ਼ੀਆ ਦੀਆਂ ਛੋਟੀਆਂ-ਵੱਡੀਆਂ ਟੀਮਾਂ ਖਿਤਾਬ ਲਈ ਆਪਣੀ ਤਾਕਤੋ-ਅਜ਼ਮਾਈ ਕਰਨਗੀਆਂ।
ਜਲੰਧਰ ਅਤੇ ਮੋਹਾਲੀ ਵਿੱਚ ਹੋਣਗੇ ਰੋਮਾਂਚਕ ਮੁਕਾਬਲੇ
27 ਅਕਤੂਬਰ ਤੋਂ 5 ਨਵੰਬਰ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ਦੇ ਮੈਚ ਪੰਜਾਬ ਦੇ ਦੋ ਪ੍ਰਮੁੱਖ ਸ਼ਹਿਰਾਂ ਵਿੱਚ ਖੇਡੇ ਜਾਣਗੇ। ਗਰੁੱਪ ਪੜਾਅ ਦੇ ਸਾਰੇ ਮੁਕਾਬਲੇ ਜਲੰਧਰ ਦੇ ਮਸ਼ਹੂਰ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿੱਚ ਕਰਵਾਏ ਜਾਣਗੇ, ਜਦੋਂ ਕਿ ਇਸ ਮਹਾ-ਮੁਕਾਬਲੇ ਦਾ ਫਾਈਨਲ ਮੋਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਇੰਟਰਨੈਸ਼ਨਲ ਹਾਕੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ।
ਦੂਜੇ ਪਾਸੇ, ਟੀਮਾਂ ਦੀ ਗੱਲ ਕਰੀਏ ਤਾਂ ਇਸ ਵਾਰ ਟੂਰਨਾਮੈਂਟ ਵਿੱਚ ਮੇਜ਼ਬਾਨ ਭਾਰਤ ਤੋਂ ਇਲਾਵਾ ਚੀਨ, ਜਪਾਨ, ਦੱਖਣੀ ਕੋਰੀਆ, ਮਲੇਸ਼ੀਆ ਅਤੇ ਬੰਗਲਾਦੇਸ਼ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਸੁਰੱਖਿਆ ਅਤੇ ਰਾਜਨੀਤਿਕ ਹਾਲਤਾਂ ਦੇ ਮੱਦੇਨਜ਼ਰ ਪਾਕਿਸਤਾਨੀ ਟੀਮ ਦੇ ਨਾਂ ਵਾਪਸ ਲੈਣ ਤੋਂ ਬਾਅਦ ਬੰਗਲਾਦੇਸ਼ ਨੂੰ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ।
ਛੇਵੀਂ ਵਾਰ ਖਿਤਾਬ ‘ਤੇ ਕਬਜ਼ਾ ਕਰਨ ਦੇ ਇਰਾਦੇ ਨਾਲ ਉਤਰੇਗੀ ਟੀਮ ਇੰਡੀਆ
ਮੌਜੂਦਾ ਚੈਂਪੀਅਨ ਅਤੇ ਪੰਜ ਵਾਰ ਦੀ ਵਿਜੇਤਾ ਭਾਰਤੀ ਹਾਕੀ ਟੀਮ ਇਸ ਵਾਰ ਵੀ ਖਿਤਾਬ ਦੀ ਸਭ ਤੋਂ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਹੈ। ਭਾਰਤ ਨੇ ਹੁਣ ਤੱਕ 2011, 2016, 2018, 2023 ਅਤੇ 2024 ਵਿੱਚ ਇਹ ਟਰਾਫੀ ਆਪਣੇ ਨਾਂ ਕੀਤੀ ਹੈ।
ਭਾਰਤੀ ਟੀਮ ਦੀ ਕਪਤਾਨੀ ਸਟਾਰ ਖਿਡਾਰੀ ਹਰਮਨਪ੍ਰੀਤ ਸਿੰਘ ਦੇ ਹੱਥਾਂ ਵਿੱਚ ਹੈ। ਭਾਰਤ ਆਪਣੇ ਅਭਿਆਨ ਦੀ ਸ਼ੁਰੂਆਤ 27 ਅਕਤੂਬਰ ਨੂੰ ਬੰਗਲਾਦੇਸ਼ ਖ਼ਿਲਾਫ਼ ਮੈਚ ਨਾਲ ਕਰੇਗਾ। ਇਸ ਤੋਂ ਬਾਅਦ ਟੀਮ 29 ਅਕਤੂਬਰ ਨੂੰ ਚੀਨ, 30 ਅਕਤੂਬਰ ਨੂੰ ਜਪਾਨ, 1 ਨਵੰਬਰ ਨੂੰ ਮਲੇਸ਼ੀਆ ਅਤੇ 2 ਨਵੰਬਰ ਨੂੰ ਦੱਖਣੀ ਕੋਰੀਆ ਨਾਲ ਭਿੜੇਗੀ। ਪਿਛਲੇ ਫਾਈਨਲ ਦੀ ਤਰ੍ਹਾਂ ਇਸ ਵਾਰ ਵੀ ਚੀਨ ਅਤੇ ਭਾਰਤ ਦੇ ਮੁਕਾਬਲੇ ‘ਤੇ ਸਭ ਦੀਆਂ ਨਜ਼ਰਾਂ ਰਹਿਣਗੀਆਂ।
ਖੇਡ ਜਗਤ ਵਿੱਚ ਖੁਸ਼ੀ ਦੀ ਲਹਿਰ
ਪੰਜਾਬ ਵਿੱਚ ਅੰਤਰਰਾਸ਼ਟਰੀ ਹਾਕੀ ਦੀ ਵਾਪਸੀ ਨੇ ਪੁਰਾਣੇ ਦਿਗਜ਼ਾਂ ਦੇ ਚਿਹਰਿਆਂ ‘ਤੇ ਰੌਣਕ ਲਿਆ ਦਿੱਤੀ ਹੈ। 1968 ਦੇ ਓਲੰਪਿਕ ਵਿੱਚ ਕਾਂਸੀ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਦੇ ਮੈਂਬਰ ਬਲਬੀਰ ਸਿੰਘ ਕੁਲਾਰ ਦਾ ਮੰਨਣਾ ਹੈ ਕਿ ਇਸ ਆਯੋਜਨ ਨਾਲ ਸੂਬੇ ਦੇ ਨੌਜਵਾਨਾਂ ਵਿੱਚ ਖੇਡ ਪ੍ਰਤੀ ਰੁਝਾਨ ਹੋਰ ਵਧੇਗਾ। ਉਨ੍ਹਾਂ ਛੇ ਦਹਾਕੇ ਪਹਿਲਾਂ ਦੇ ਦਿਨਾਂ ਨੂੰ ਯਾਦ ਕਰਦਿਆਂ ਦੱਸਿਆ ਕਿ ਕਿਵੇਂ ਪਿੰਡਾਂ ਤੋਂ ਲੋਕ ਸਾਈਕਲਾਂ ‘ਤੇ ਮੈਚ ਦੇਖਣ ਪਹੁੰਚਦੇ ਸਨ ਅਤੇ ਰੁੱਖਾਂ ‘ਤੇ ਚੜ੍ਹ ਕੇ ਮੈਚ ਦਾ ਆਨੰਦ ਮਾਣਦੇ ਸਨ।
ਅੱਜ ਇੱਕ ਵਾਰ ਫਿਰ ਉਹੀ ਮਾਹੌਲ ਬਣਨ ਜਾ ਰਿਹਾ ਹੈ। ਸ਼ਹਿਰਾਂ ਵਿੱਚ ਪੋਸਟਰ ਲੱਗ ਚੁੱਕੇ ਹਨ ਅਤੇ ਹਾਕੀ ਦੇ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ ਹੈ। ਸਟੈਂਡਾਂ ਵਿੱਚ ਬੈਠੇ ਇਹ ਦਰਸ਼ਕ ਹੀ ਸ਼ਾਇਦ ਆਉਣ ਵਾਲੇ ਸਮੇਂ ਵਿੱਚ ਦੇਸ਼ ਨੂੰ ‘ਅਗਲਾ ਹਰਮਨਪ੍ਰੀਤ ਸਿੰਘ’ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



