ਗੁਰਦਾਸਪੁਰ : ਬਰਸਾਤ ਦਾ ਮੌਸਮ ਬੀਤਣ ਦੇ ਬਾਵਜੂਦ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਡੇਂਗੂ ਨੇ ਆਪਣੇ ਪੈਰ ਪੂਰੀ ਤਰ੍ਹਾਂ ਪਸਾਰ ਲਏ ਹਨ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਡੇਂਗੂ ਦੇ ਸ਼ੱਕੀ ਮਰੀਜ਼ ਸਾਹਮਣੇ ਆ ਰਹੇ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ। ਹਾਲਾਂਕਿ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਬਹੁਤ ਸਾਰੇ ਮਰੀਜ਼ਾਂ ਦੀ ਰਿਪੋਰਟ ਅਜੇ ਪੌਜ਼ੀਟਿਵ ਨਹੀਂ ਆਈ, ਪਰ ਮਰੀਜ਼ਾਂ ਦੇ ਸੈੱਲ ਤੇਜ਼ੀ ਨਾਲ ਘਟਣ ਦੀਆਂ ਸ਼ਿਕਾਇਤਾਂ ਲਗਾਤਾਰ ਵਧ ਰਹੀਆਂ ਹਨ।
ਘਰ ਵਿੱਚ ਕਈ ਮੈਂਬਰ ਬੁਖਾਰ ਦੀ ਲਪੇਟ ਵਿੱਚ
ਤਾਜ਼ਾ ਮਾਮਲਾ ਗੁਰਦਾਸਪੁਰ ਦੇ ਕਾਦਰੀ ਮੁਹੱਲੇ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਮਹਿਲਾ ਦੀ ਡੇਂਗੂ ਰਿਪੋਰਟ ਪੌਜ਼ੀਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਵਿੱਚ ਹੜਕੰਪ ਮਚ ਗਿਆ। ਇਸ ਸੂਚਨਾ ਮਿਲਦਿਆਂ ਹੀ ਸਿਹਤ ਵਿਭਾਗ ਦੀ ਟੀਮ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਉਕਤ ਮੁਹੱਲੇ ਵਿੱਚ ਘਰ-ਘਰ ਜਾ ਕੇ ਵਿਸ਼ੇਸ਼ ਜਾਂਚ ਅਭਿਆਨ ਸ਼ੁਰੂ ਕੀਤਾ। ਜਾਂਚ ਦੌਰਾਨ ਪਤਾ ਲੱਗਾ ਕਿ ਪੌਜ਼ੀਟਿਵ ਆਈ ਮਹਿਲਾ ਦੇ ਘਰ ਦੇ ਚਾਰ ਹੋਰ ਜੀਅ ਵੀ ਬੁਖਾਰ ਤੋਂ ਪੀੜਤ ਹਨ, ਹਾਲਾਂਕਿ ਉਨ੍ਹਾਂ ਦਾ ਟੈਸਟ ਅਜੇ ਪੌਜ਼ੀਟਿਵ ਨਹੀਂ ਆਇਆ ਹੈ।
ਚੈਕਿੰਗ ਦੌਰਾਨ ਮਿਲੇ ਡੇਂਗੂ ਦੇ 10 ਤੋਂ ਵੱਧ ਜਿੰਦਾ ਲਾਰਵੇ
ਸਿਹਤ ਵਿਭਾਗ ਦੀ ਟੀਮ ਨੇ ਕਾਦਰੀ ਮੁਹੱਲੇ ਵਿੱਚ ਘਰ-ਘਰ ਜਾ ਕੇ ਕੂਲਰਾਂ, ਗਮਲਿਆਂ ਅਤੇ ਪਾਣੀ ਦੇ ਹੋਰ ਭੰਡਾਰਾਂ ਦੀ ਬਾਰੀਕੀ ਨਾਲ ਜਾਂਚ ਕੀਤੀ। ਇਸ ਦੌਰਾਨ ਟੀਮ ਨੂੰ ਮੌਕੇ ‘ਤੇ ਹੀ ਡੇਂਗੂ ਦੇ ਲਗਭਗ 10 ਜਿੰਦਾ ਲਾਰਵੇ ਬਰਾਮਦ ਹੋਏ। ਖੜ੍ਹੇ ਪਾਣੀ ਵਿੱਚ ਮੱਛਰਾਂ ਦਾ ਲਾਰਵਾ ਮਿਲਣ ਤੋਂ ਬਾਅਦ ਸਿਹਤ ਅਧਿਕਾਰੀਆਂ ਨੇ ਤੁਰੰਤ ਮੌਕੇ ‘ਤੇ ਹੀ ਇਸ ਨੂੰ ਨਸ਼ਟ ਕਰਵਾਇਆ ਅਤੇ ਸਾਵਧਾਨੀ ਵਰਤਣ ਦੇ ਨਿਰਦੇਸ਼ ਦਿੱਤੇ।
ਸਿਹਤ ਵਿਭਾਗ ਵੱਲੋਂ ਜਾਗਰੂਕਤਾ ਮੁਹਿੰਮ ਤੇਜ਼
ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਸਿਹਤ ਵਿਭਾਗ ਨੇ ਇਲਾਕੇ ਵਿੱਚ ਵਿਸ਼ੇਸ਼ ਜਾਗਰੂਕਤਾ ਅਭਿਆਨ ਆਰੰਭ ਕਰ ਦਿੱਤਾ ਹੈ। ਵਿਭਾਗ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਘਰਾਂ ਦੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦੇਣ ਅਤੇ ਕੂਲਰਾਂ ਤੇ ਟੈਂਕੀਆਂ ਨੂੰ ਸਮੇਂ-ਸਮੇਂ ‘ਤੇ ਸਾਫ਼ ਕਰਨ। ਵਿਭਾਗ ਵੱਲੋਂ ਲੋਕਾਂ ਨੂੰ ਡੇਂਗੂ ਤੋਂ ਬਚਾਅ ਦੇ ਉਪਾਵਾਂ ਬਾਰੇ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ ਤਾਂ ਜੋ ਬਿਮਾਰੀ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਬਠਿੰਡਾ ਦੀ ਵਿਲੱਖਣ ਰਾਮਲੀਲਾ: ਸਕੇ ਭਰਾ ਨਿਭਾ ਰਹੇ ਨੇ ਰਾਮ-ਲਛਮਣ ਦਾ ਕਿਰਦਾਰ, ਪਹਿਲੀ ਵਾਰ ਕੁੜੀ ਬਣੀ ਮਾਂ ਸੀਤਾ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



