ਪਟਿਆਲਾ/ਚੰਡੀਗੜ੍ਹ : ਪੰਜਾਬ ਵਿੱਚ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ ਦੀਆਂ ਸਰਗਰਮੀਆਂ ਇੱਕ ਵਾਰ ਫਿਰ ਤੇਜ਼ ਹੋ ਗਈਆਂ ਹਨ। ਸੂਬੇ ਵਿੱਚ ਵੱਖ-ਵੱਖ ਮਾਮਲਿਆਂ ਅਤੇ ਵਿੱਤੀ ਘੁਟਾਲਿਆਂ ਨੂੰ ਲੈ ਕੇ ਈ.ਡੀ. ਲਗਾਤਾਰ ਸਖ਼ਤ ਰੁਖ ਅਪਣਾ ਰਹੀ ਹੈ। ਇਸੇ ਲੜੀ ਤਹਿਤ ਅੱਜ ਈ.ਡੀ. ਦੀਆਂ ਟੀਮਾਂ ਵੱਲੋਂ ਪਟਿਆਲਾ ਸਥਿਤ ਪ੍ਰਸਿੱਧ ‘ਪਾਰਕ ਹਸਪਤਾਲ’ ਦੀ ਚੇਨ ‘ਤੇ ਛਾਪੇਮਾਰੀ ਕੀਤੀ ਗਈ ਹੈ।
ਈ.ਡੀ. ਦੀ ਰਡਾਰ ‘ਤੇ ਪਟਿਆਲਾ ਦਾ ਪਾਰਕ ਹਸਪਤਾਲ
ਪ੍ਰਾਪਤ ਜਾਣਕਾਰੀ ਅਨੁਸਾਰ ਈ.ਡੀ. ਦੀਆਂ ਟੀਮਾਂ ਨੇ ਅਚਾਨਕ ਪਟਿਆਲਾ ਦੇ ਪਾਰਕ ਹਸਪਤਾਲ ਵਿਖੇ ਦਸਤਕ ਦਿੱਤੀ। ਇਸ ਛਾਪੇਮਾਰੀ ਦੌਰਾਨ ਹਸਪਤਾਲ ਦੇ ਰਿਕਾਰਡ ਅਤੇ ਵਿੱਤੀ ਲੈਣ-ਦੇਣ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਏਜੰਸੀ ਵੱਲੋਂ ਇਹ ਕਾਰਵਾਈ ਕਿਸ ਮਾਮਲੇ ਜਾਂ ਸ਼ਿਕਾਇਤ ਤਹਿਤ ਕੀਤੀ ਗਈ ਹੈ, ਇਸ ਬਾਰੇ ਅਜੇ ਅਧਿਕਾਰਤ ਤੌਰ ‘ਤੇ ਪੂਰੀ ਜਾਣਕਾਰੀ ਸਾਹਮਣੇ ਨਹੀਂ ਆਈ, ਪਰ ਇਸ ਅਚਾਨਕ ਹੋਈ ਰੇਡ ਕਾਰਨ ਮੈਡੀਕਲ ਖੇਤਰ ਵਿੱਚ ਭਾਰੀ ਹਲਚਲ ਮਚ ਗਈ ਹੈ।
ਪੰਜਾਬ ਵਿੱਚ ਲਗਾਤਾਰ ਵੱਧ ਰਹੀ ਹੈ ਈ.ਡੀ. ਦੀ ਸਰਗਰਮੀ
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਦੌਰਾਨ ਪੰਜਾਬ ਵਿੱਚ ਈ.ਡੀ. ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਲਗਾਤਾਰ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਵੀ ਪਟਿਆਲਾ ਦੇ ਪ੍ਰਮੁੱਖ ਪ੍ਰਾਪਰਟੀ ਕਾਰੋਬਾਰੀਆਂ ਅਤੇ ਆਨਲਾਈਨ ਕੰਮ ਕਰਨ ਵਾਲੀਆਂ ਕੰਪਨੀਆਂ ‘ਤੇ ਈ.ਡੀ. ਵੱਲੋਂ ਛਾਪੇ ਮਾਰੇ ਜਾ ਚੁੱਕੇ ਹਨ।
ਆਉਣ ਵਾਲੇ ਦਿਨਾਂ ਵਿੱਚ ਵੱਡੇ ਕਾਰੋਬਾਰੀਆਂ, ਪ੍ਰਾਪਰਟੀ ਡੀਲਰ ਅਤੇ ਆਨਲਾਈਨ ਕਾਰੋਬਾਰ ਨਾਲ ਜੁੜੀਆਂ ਕੰਪਨੀਆਂ ‘ਤੇ ਕੇਂਦਰੀ ਏਜੰਸੀਆਂ ਦਾ ਸ਼ਿਕੰਜਾ ਹੋਰ ਕੱਸਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਈ.ਡੀ. ਦੀ ਇਸ ਤਾਜ਼ਾ ਕਾਰਵਾਈ ਦੇ ਵਿਸਤ੍ਰਿਤ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।



