National News : ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਗਰਮੀ ਦਾ ਕਹਿਰ ਜਾਰੀ ਹੈ। ਦਿੱਲੀ ਵਿੱਚ ਹੀਟਵੇਵ ਜਾਨਲੇਵਾ ਬਣ ਗਈ ਹੈ। ਗਰਮੀ ਕਾਰਨ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ। ਪਿਛਲੇ 72 ਘੰਟਿਆਂ ‘ਚ ਹੀਟ ਵੇਵ ਕਾਰਨ 5 ਲੋਕਾਂ ਦੀ ਮੌਤ ਹੋ ਗਈ ਹੈ। ਦਿੱਲੀ ਦੇ ਤਿੰਨ ਵੱਖ-ਵੱਖ ਹਸਪਤਾਲਾਂ ਵਿੱਚ ਹੀਟ ਸਟ੍ਰੋਕ ਕਾਰਨ ਪੰਜ ਮੌਤਾਂ ਹੋਣ ਦੀ ਸੂਚਨਾ ਮਿਲੀ ਹੈ।
ਰਾਮ ਮਨੋਹਰ ਲੋਹੀਆ ਹਸਪਤਾਲ ਨੇ ਸੋਮਵਾਰ ਨੂੰ ਇੱਕ 40 ਸਾਲਾ ਮਹਿਲਾ ਮਜ਼ਦੂਰ ਅਤੇ ਮੰਗਲਵਾਰ ਸ਼ਾਮ ਨੂੰ 60 ਸਾਲਾ ਪੁਰਸ਼ ਸੁਰੱਖਿਆ ਗਾਰਡ ਦੀ ਮੌਤ ਦੀ ਸੂਚਨਾ ਦਿੱਤੀ ਹੈ। ਇਕ ਹੋਰ ਮੌਤ ਲੋਕ ਨਾਇਕ ਹਸਪਤਾਲ ਵਿਚ ਹੋਈ, ਜਿੱਥੇ ਜਨਕਪੁਰੀ ਦੇ ਰਹਿਣ ਵਾਲੇ 39 ਸਾਲਾ ਕਾਰ ਮਕੈਨਿਕ ਨੂੰ 15 ਜੂਨ ਨੂੰ 106 ਡਿਗਰੀ ਫਾਰਨਹੀਟ ਬੁਖਾਰ ਨਾਲ ਦਾਖਲ ਕਰਵਾਇਆ ਗਿਆ ਸੀ ਅਤੇ ਅਗਲੇ ਦਿਨ ਉਸ ਦੀ ਮੌਤ ਹੋ ਗਈ।
ਖ਼ਬਰਾਂ ਮੁਤਾਬਕ ਮਰਨ ਵਾਲਿਆਂ ਵਿੱਚ ਇੱਕ 50 ਸਾਲਾ ਵਿਅਕਤੀ ਸ਼ਾਮਲ ਹੈ। ਉਸ ਨੂੰ 17 ਜੂਨ ਦੀ ਸ਼ਾਮ ਨੂੰ ਸਫਦਰਜੰਗ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਅਗਲੀ ਸਵੇਰ ਉਸ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਉਸੇ ਦਿਨ ਦਾਖਲ ਇਕ 60 ਸਾਲਾ ਬਜ਼ੁਰਗ ਔਰਤ ਦੀ ਮੰਗਲਵਾਰ ਸਵੇਰੇ ਮੌਤ ਹੋ ਗਈ ਹੈ।
ਦਿੱਲੀ ਵਿੱਚ 50 ਡਿਗਰੀ ਤੋਂ ਪਾਰ ਹੀਟ ਇੰਡੈਕਸ
ਦਿੱਲੀ ‘ਚ ਮੰਗਲਵਾਰ ਨੂੰ ਹੀਟ ਇੰਡੈਕਸ 51 ਡਿਗਰੀ ਨੂੰ ਛੂਹ ਗਿਆ। ਆਈਐਮਡੀ ਦੇ ਅਨੁਸਾਰ ਹੀਟ ਇੰਡੈਕਸ ਤੋਂ ਇਨਸਾਨਾਂ ਨੂੰ ਮਹਿਸੂਸ ਹੋਣ ਵਾਲੇ ਤਾਪਮਾਨ ਦੀ ਰੇਂਜ ਦਾ ਪਤਾ ਚੱਲਦਾ ਹੈ। ਇਹ ਦਰਸਾਉਂਦਾ ਹੈ ਕਿ ਤਾਪਮਾਨ ਦੇ ਨਾਲ-ਨਾਲ ਤੁਹਾਡੇ ਆਲੇ ਦੁਆਲੇ ਦੇ ਵਾਤਾਵਰਣ ਵਿੱਚ ਕਿੰਨੀ ਗਰਮੀ ਹੈ। ਜੇਕਰ ਸਰਲ ਭਾਸ਼ਾ ਵਿੱਚ ਸਮਝਿਆ ਜਾਵੇ ਤਾਂ ਹੀਟ ਇੰਡੈਕਸ ਉਹ ਤਾਪਮਾਨ ਹੈ ਜੋ ਤੁਹਾਨੂੰ ਮਹਿਸੂਸ ਹੁੰਦਾ ਹੈ।
