ਜੰਮੂ ‘ਚ ਵਾਪਰਿਆ ਕਹਿਰ, 150 ਫੁੱਟ ਡੂੰਘੀ ਖਾਈ ‘ਚ ਡਿੱਗੀ ਬੱਸ, 15 ਮੌਤਾਂ, ਟੁੱਟੀ ਬੱਸ ‘ਚ ਬੁਰੀ ਤਰ੍ਹਾਂ ਫਸੀਆਂ ਲਾਸ਼ਾਂ

National News : ਜੰਮੂ ਦੇ ਅਖਨੂਰ ਵਿਚ ਅੱਜ ਵੱਡਾ ਹਾਦਸਾ ਵਾਪਰ ਗਿਆ। ਇਥੇ ਬੱਸ ਸੜਕ ਕੰਢਿਓਂ ਖਾਈ ਵਿਚ ਜਾ ਡਿੱਗੀ। ਇਸ ਬੱਸ ਵਿਚ ਸਵਾਰ ਸ਼ਰਧਾਲੂਆਂ…

National News : ਜੰਮੂ ਦੇ ਅਖਨੂਰ ਵਿਚ ਅੱਜ ਵੱਡਾ ਹਾਦਸਾ ਵਾਪਰ ਗਿਆ। ਇਥੇ ਬੱਸ ਸੜਕ ਕੰਢਿਓਂ ਖਾਈ ਵਿਚ ਜਾ ਡਿੱਗੀ। ਇਸ ਬੱਸ ਵਿਚ ਸਵਾਰ ਸ਼ਰਧਾਲੂਆਂ ਵਿਚੋਂ ਹੁਣ ਤੱਕ 15 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 28 ਤੋਂ ਵੱਧ ਲੋਕ ਫੱਟੜ ਹਨ। ਹਾਦਸਾ ਇੰਨਾ ਭਿਆਨਕ ਸੀ ਕਿ ਲਾਸ਼ਾਂ ਬੱਸ ‘ਚ ਫਸ ਗਈਆਂ।
ਜਾਣਕਾਰੀ ਮੁਤਾਬਕ ਇਹ ਬੱਸ ਅਖਨੂਰ ਦੇ ਚੁੰਗੀ ਮਧ ਇਲਾਕੇ ‘ਚ ਇਕ ਸੜਕ ਦੇ ਕੰਢੇ ਡੂੰਘੀ ਖਾਈ ਵਿਚ ਡਿੱਗ ਗਈ। ਬੱਸ ਦੇ ਅੰਦਰ ਬਹੁਤ ਸਾਰੇ ਸ਼ਰਧਾਲੂ ਸਨ। ਬੱਸ ਵਿੱਚ ਸਵਾਰ ਸਾਰੇ ਸ਼ਰਧਾਲੂ ਹਰਿਆਣਾ ਦੇ ਕੁਰੂਕਸ਼ੇਤਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ ਅਤੇ ਸ਼ਿਵ ਖੋੜੀ ਦੇ ਦਰਸ਼ਨਾਂ ਲਈ ਜਾ ਰਹੇ ਸਨ। ਜਦੋਂ ਬੱਸ ਅਖਨੂਰ ਦੇ ਚੁੰਗੀ ਮਧ ਇਲਾਕੇ ‘ਚ ਤੰਗਲੀ ਮੋੜ ਤੋਂ ਲੰਘ ਰਹੀ ਸੀ ਤਾਂ 150 ਫੁੱਟ ਹੇਠਾਂ ਖਾਈ ‘ਚ ਜਾ ਡਿੱਗੀ।
ਬੱਸ ਦੇ ਖਾਈ ਵਿੱਚ ਡਿੱਗਣ ਤੋਂ ਬਾਅਦ ਸਥਾਨਕ ਲੋਕ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਪੁਲਿਸ ਅਤੇ ਸਥਾਨਕ ਲੋਕਾਂ ਨੇ ਬਚਾਅ ਮੁਹਿੰਮ ਚਲਾਈ, ਜਿਸ ਤੋਂ ਬਾਅਦ ਲੋਕਾਂ ਨੂੰ ਮੁਸ਼ਕਲ ਨਾਲ ਬੱਸ ਦੇ ਅੰਦਰੋਂ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਭੇਜਿਆ ਗਿਆ। ਹਸਪਤਾਲ ਦੇ ਅੰਦਰ ਜ਼ਖਮੀਆਂ ਦੇ ਇਲਾਜ ਦਾ ਪ੍ਰਬੰਧ ਕੀਤਾ ਗਿਆ ਹੈ। ਗੰਭੀਰ ਰੂਪ ਨਾਲ ਜ਼ਖਮੀ ਮਰੀਜ਼ਾਂ ਨੂੰ ਮੈਡੀਕਲ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਜਿੱਥੇ ਉਸ ਦੇ ਇਲਾਜ ਲਈ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ।
ਉਥੇ ਹੀ ਜੰਮੂ ਟਰਾਂਸਪੋਰਟ ਕਮਿਸ਼ਨਰ ਰਜਿੰਦਰ ਸਿੰਘ ਤਾਰਾ ਨੇ ਕਿਹਾ ਕਿ ਬੱਸ ਸ਼ਿਵ ਖੋਰੀ ਜਾ ਰਹੀ ਸੀ। ਇਥੇ ਮੋੜ ਆਮ ਹੀ ਸੀ, ਕੋਈ ਮੁਸ਼ਕਲ ਨਹੀਂ ਹੋਣੀ ਚਾਹੀਦੀ ਸੀ ਪਰ ਹੋ ਸਕਦਾ ਹੈ ਕਿ ਡਰਾਈਵਰ ਦੀ ਅੱਖ ਲੱਗ ਗਈ ਹੋਵੇ ਅਤੇ ਉਸ ਨੂੰ ਮੋੜ ਦਾ ਪਤਾ ਨਹੀਂ ਚੱਲਿਆ ਤੇ ਉਹ ਮੋੜਨ ਦੀ ਬਜਾਏ ਬੱਸ ਸਿੱਧੀ ਚਲੀ ਗਈ ਅਤੇ ਖਾਈ ਵਿਚ ਡਿੱਗ ਗਈ।

Leave a Reply

Your email address will not be published. Required fields are marked *